ਇਸਲਾਮਾਬਾਦ, 17 ਜੁਲਾਈ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਫ਼ੌਜ ਨੂੰ ‘ਨਾਕਾਮ’ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਦੇ ਸਮਰਥਨ ਤੋਂ ‘ਯੂ-ਟਰਨ’ ਲੈ ਲੈਣਾ ਚਾਹੀਦਾ ਹੈ। ਇਮਰਾਨ ਨੇ ਤਾਕਤਵਰ ਫ਼ੌਜੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਆਪਣੇ ਫ਼ੈਸਲੇ ਦੀ ਸਮੀਖਿਆ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਚੁੱਕਿਆ ਕੋਈ ਵੀ ਗਲਤ ਕਦਮ ਲੋਕਾਂ ਤੇ ਸੈਨਾ ਵਿਚਾਲੇ ਦੂਰੀਆਂ ਹੋਰ ਵਧਾਏਗਾ। ਇੱਥੇ ‘ਪਾਕਿਸਤਾਨ ਫੈਡਰਲ ਯੂਨੀਅਨ ਆਫ ਜਰਨਲਿਸਟਸ’ ਵੱਲੋਂ ਕਰਾਏ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਖਾਨ ਨੇ ਕਿਹਾ ਕਿ ਸਾਰਾ ਮੁਲਕ ਫ਼ੌਜ ਵੱਲ ਦੇਖ ਰਿਹਾ ਹੈ ਕਿਉਂਕਿ ਉਨ੍ਹਾਂ ਕੋਲ ਤਾਕਤ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਮੌਜੂਦਾ ਸਰਕਾਰ ਚੱਲੇਗੀ, ਦੇਸ਼ ਦਾ ਨੁਕਸਾਨ ਹੋਵੇਗਾ। ਜ਼ਿਕਰਯੋਗ ਹੈ ਕਿ ਵਰਤਮਾਨ ’ਚ ਪਾਕਿਸਤਾਨ ਨੂੰ ਆਰਥਿਕ ਮੋਰਚੇ ’ਤੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਮਰਾਨ ਨੇ ਕਿਹਾ ਕਿ ਇਸ ਵੇਲੇ ‘ਸਹੀ ਫ਼ੈਸਲੈ’ ਲੈਣੇ ਜ਼ਰੂਰੀ ਹਨ। ਇਮਰਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਕਦੇ ਮੀਡੀਆ ਉਤੇ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੌਜੂਦਾ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ‘ਪੀਟੀਆਈ’ ਦੇ ਸ਼ਾਸਨ ਦੌਰਾਨ ਪੱਤਰਕਾਰਾਂ ਉਤੇ ਪਾਬੰਦੀਆਂ ਲਾਈਆਂ ਗਈਆਂ ਸਨ ਤੇ ਉਨ੍ਹਾਂ ਖ਼ਿਲਾਫ਼ ਝੂਠਾ ਪ੍ਰਚਾਰ ਵੀ ਕੀਤਾ ਗਿਆ। -ਪੀਟੀਆਈ