ਵਾਸ਼ਿੰਗਟਨ, 20 ਜੁਲਾਈ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਸਰਕਾਰ ਦੇ ਸਭ ਤੋਂ ਅਹਿਮ ਮੁੱਦੇ ਇਮੀਗਰੇਸ਼ਨ ’ਤੇ ਨਵਾਂ ਬਿੱਲ ਲਿਆਉਣ ਦਾ ਵਾਅਦਾ ਤਾਂ ਕਰ ਰਹੇ ਹਨ ਪਰ ਪਿਛਲੇ ਕੁਝ ਦਿਨਾਂ ’ਚ ਉਨ੍ਹਾਂ ਇਸ ਨੂੰ ਲੈ ਕੇ ਕਈ ਵਿਰੋਧੀ ਅਤੇ ਭੁਲੇਖਾਪਾਊ ਬਿਆਨ ਦਿੱਤੇ ਹਨ। ਉਨ੍ਹਾਂ ਦਾ ਇਹ ਬਿਆਨ ਸੁਪਰੀਮ ਕੋਰਟ ਵੱਲੋਂ ਓਬਾਮਾ-ਕਾਲ ਦੇ ‘ਬੱਚਿਆਂ ਦੇ ਛੋਟੀ ਉਮਰ ’ਚ ਅਮਰੀਕਾ ਆਉਣ ’ਤੇ ਕਾਰਵਾਈ ਟਾਲ ਦੇਣ’ (ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼) ਵਾਲੇ ਡੀਏਸੀਏ ਨਾਲ ਸਬੰਧਤ ਪ੍ਰੋਗਰਾਮ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਕਾਰਨ ਤੋਂ ਬਾਅਦ ਆਇਆ ਹੈ। ਡੀਏਸੀਏ ਮੁਲਕ ’ਚ ਆਏ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਟਰੰਪ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਛੇਤੀ ਹੀ ਅਦਾਲਤ ਦੇ ਖਦਸ਼ਿਆਂ ਨੂੰ ਦੂਰ ਕਰਨ ਲਈ ਜ਼ਰੂਰੀ ਦਸਤਾਵੇਜ਼ ਪੇਸ਼ ਕਰਨਗੇ ਪਰ ਇਸ ਵੱਲ ਅਜੇ ਤੱਕ ਉਨ੍ਹਾਂ ਕੋਈ ਕਦਮ ਨਹੀਂ ਉਠਾਇਆ ਹੈ। ਟਰੰਪ ਦੀ ਸੋਚ ਨੂੰ ਲੈ ਕੇ ਨਵੀਂ ਦੁਬਿਧਾ ਉਸ ਸਮੇਂ ਪੈਦਾ ਹੋਈ ਸੀ ਜਦੋਂ ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਛੇਤੀ ਹੀ ਇਮੀਗਰੇਸ਼ਨ ਬਿੱਲ ’ਤੇ ਦਸਤਖ਼ਤ ਕਰਨ ਜਾ ਰਹੇ ਹਨ ਜੋ ਬਹੁਤ ਵਧੀਆ ਹੈ। ਪਰ ਅਸੀਲਅਤ ਇਹ ਹੈ ਕਿ ਅਜਿਹਾ ਕੋਈ ਬਿੱਲ ਦਸਤਖ਼ਤਾਂ ਲਈ ਮੌਜੂਦ ਨਹੀਂ ਹੈ। ਦੂਜਾ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਕਰੋਨਾ ਮਹਾਮਾਰੀ ਵਿਚਕਾਰ ਕਾਂਗਰਸ ਇਸ ’ਤੇ ਵਿਚਾਰ ਵਟਾਂਦਰੇ ਲਈ ਰਾਜ਼ੀ ਦਿਖਾਈ ਨਹੀਂ ਦਿੰਦੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਲੀ ਮੈਕਨੇਨੀ ਨੇ ਵੀਰਵਾਰ ਨੂੰ ਕਿਹਾ ਕਿ ਟਰੰਪ ਮੈਰਿਟ ਆਧਾਰਿਤ ਇਮੀਗਰੇਸ਼ਨ ਪ੍ਰਣਾਲੀ ’ਤੇ ਕੰਮ ਕਰ ਰਹੇ ਸਨ ਅਤੇ ਉਹ ਆਖਦੇ ਰਹੇ ਹਨ ਕਿ ਡੀਏਸੀਏ ’ਤੇ ਵਿਧਾਨਕ ਹੱਲ ਦੀ ਤਲਾਸ਼ ਦੇ ਨਾਲ ਉਹ ਕਾਂਗਰਸ ਨਾਲ ਮਿਲ ਕੇ ਕੰਮ ਕਰਨਗੇ। ਮੁਲਕ ’ਚ ਇਸ ਸਮੇਂ ਡੀਏਸੀਏ ਤਹਿਤ ਕਰੀਬ ਸਾਢੇ 6 ਲੱਖ ਵਿਅਕਤੀ ਦਰਜ ਹਨ ਅਤੇ ਟਰੰਪ ਜੇਕਰ ਪ੍ਰੋਗਰਾਮ ਨੂੰ ਮੁੜ ਰੱਦ ਕਰਦੇ ਹਨ ਤਾਂ ਲੋਕ ਕਾਨੂੰਨੀ ਰੂਪ ’ਚ ਕੰਮ ਕਰਨ ਦਾ ਅਧਿਕਾਰ ਗੁਆ ਲੈਣਗੇ।
-ਏਪੀ