ਗੁਰਚਰਨ ਸਿੰਘ ਕਾਹਲੋਂ
ਸਿਡਨੀ, 13 ਦਸੰਬਰ
ਕਿਸਾਨ ਮੋਰਚੇ ’ਚ ਪਰਵਾਸੀ ਪੰਜਾਬੀ ਡਾ. ਸਵੈਮਾਨ ਸਿੰਘ ਵੱਲੋਂ ਕੀਤੀ ਗਈ ਸੇਵਾ ਦੀ ਰੱਜਵੀਂ ਪ੍ਰਸ਼ੰਸਾ ਹੋਈ ਹੈ। ਅਮਰੀਕਾ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਵੈਮਾਨ ਨੇ ਆਪਣੀ ਨੌਕਰੀ ਦਾ ਸੁੱਖ-ਅਰਾਮ ਛੱਡ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਦੀ ਸੇਵਾ ਕੀਤੀ। ਉਨ੍ਹਾਂ ਉੱਥੇ ਮੁੱਢਲੀ ਡਾਕਟਰੀ ਸਹਾਇਤਾ ਤੋਂ ਵਾਂਝੇ ਕਿਸਾਨਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਤੇ ਦਵਾਈਆਂ ਦਿੱਤੀਆਂ।
ਪਰਵਾਸੀ ਫੋਰਮ ਦੇ ਬੁਲਾਰਿਆਂ ਨੇ ਕਿਹਾ ਕਿ ਡਾ. ਸਵੈਮਾਨ ਸਿੰਘ ਨੇ ਸਿੱਖੀ ਪਹਿਰਾਵੇ ਵਿੱਚ ਆਪਣਾ, ਡਾਕਟਰੀ ਕਿੱਤੇ ਦਾ ਤੇ ਪਰਵਾਸੀ ਭਾਈਚਾਰੇ ਦਾ ਨਾਂ ਹੋਰ ਵੀ ਰੋਸ਼ਨ ਕੀਤਾ ਹੈ। ਜ਼ਮੀਨੀ ਹਕੀਕਤਾਂ ਤੇ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਉਨ੍ਹਾਂ ਸੜਕ ’ਤੇ ਪੋਹ-ਮਾਘ, ਜੇਠ-ਹਾੜ੍ਹ ਦੀਆਂ ਰੁੱਤਾਂ, ਬਰਸਾਤਾਂ ਵਿੱਚ ਟੈਂਟਾਂ ’ਚ ਅਕਸਰ ਬੀਮਾਰ ਹੁੰਦੇ ਕਿਸਾਨਾਂ ਦੀ ਬਾਂਹ ਫੜ੍ਹੀ। ਉਹ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨਾਂ ਦੇ ਨਾਲ ਖੜ੍ਹੇ ਰਹੇ। ਫੋਰਮ ਨੇ ਕਿਹਾ ਕਿ ਡਾ. ਸਵੈਮਾਨ ਸਿੰਘ ਨੇ ਸਿੱਖੀ ਦੇ ਸਿਧਾਂਤਾਂ ’ਤੇ ਖ਼ਰਾ ਉਤਰਦਿਆਂ ਕਿਸਾਨਾਂ ਦੇ ਨਾਲ ਰਹਿ ਕੇ ਉਨ੍ਹਾਂ ਦੀ ਸੇਵਾ ਕੀਤੀ।