ਆਬੂਧਾਬੀ, 3 ਜੂਨ
ਸੰਯੁਕਤ ਅਰਬ ਅਮੀਰਾਤ ’ਚ ਇਕ ਪਰਵਾਸੀ ਕਾਰੋਬਾਰੀ ਨੇ ਇੱਕ ਕਰੋੜ ਰੁਪਏ ਦੀ ਬਲੱਡ ਮਨੀ ਦੇ ਕੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਇੱਕ ਭਾਰਤੀ ਦੀ ਜਾਨ ਬਚਾਈ ਹੈ ਅਤੇ ਹੁਣ ਉਹ ਆਪਣੇ ਪਰਿਵਾਰ ਕੋਲ ਭਾਰਤ ਆ ਸਕਦਾ ਹੈ। ਸੜਕ ਹਾਦਸੇ ’ਚ ਇੱਕ ਸੂਡਾਨੀ ਨੌਜਵਾਨ ਦੀ ਮੌਤ ਹੋਣ ਨਾਲ ਸਬੰਧਤ ਕੇਸ ’ਚ ਬੈਕਸ ਕ੍ਰਿਸ਼ਨਨ ਨੂੰ ਮੌਤ ਦੀ ਸਜ਼ਾ ਹੋਈ ਸੀ। ਐੱਨਆਰਆਈ ਕਾਰੋਬਾਰੀ ਤੇ ਸਮਾਜ ਸੇਵੀ ਐੱਮਏ ਯੂਸਫ ਅਲੀ ਨੇ ਕ੍ਰਿਸ਼ਨਨ ਨੂੰ ਬਚਾਉਣ ਲਈ ਇੱਕ ਕਰੋੜ ਰੁਪਏ ਦੀ ਬਲੱਡ ਮਨੀ ਦਿੱਤੀ ਹੈ। ਕੇਰਲਾ ਨਾਲ ਸਬੰਧਤ ਕ੍ਰਿਸ਼ਨਨ ਨੂੰ ਸਾਲ 2012 ’ਚ ਇੱਕ ਸੜਕ ਹਾਦਸੇ ਨਾਲ ਸਬੰਧਤ ਕੇਸ ’ਚ ਦੁਬਈ ਦੇ ਸੁਪਰੀਮ ਕੋਰਟ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕ੍ਰਿਸ਼ਨਨ ਦੇ ਪਰਿਵਾਰ ਵੱਲੋਂ ਉਸ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਕ੍ਰਿਸ਼ਨਨ ਦੇ ਪਰਿਵਾਰ ਲੁਲੂ ਗਰੁੱਪ ਦੇ ਚੇਅਰਮੈਨ ਯੂਸਫ ਅਲੀ ਨਾਲ ਸੰਪਰਕ ਕੀਤਾ। ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਕਦਾ ਜਨਵਰੀ 2021 ’ਚ ਸੂਡਾਨ ’ਚ ਪੀੜਤ ਪਰਿਵਾਰ ਕ੍ਰਿਸ਼ਨਨ ਨੂੰ ਮੁਆਫ਼ ਕਰਨ ਲਈ ਰਾਜ਼ੀ ਹੋ ਗਿਆ। ਯੂਸਫ ਅਲੀ ਨੇ ਮੁਆਵਜ਼ੇ ਵਜੋਂ ਪੰਜ ਲੱਖ ਦਿਰਹਾਮ (ਤਕਰੀਬਨ ਇੱਕ ਕਰੋੜ ਰੁਪਏ) ਅਦਾਲਤ ’ਚ ਭਰੇ। ਇਸ ਬਾਰੇ ਕ੍ਰਿਸ਼ਨਨ ਨੇ ਕਿਹਾ ਕਿ ਇਹ ਉਸ ਦੇ ਦੂਜੇ ਜਨਮ ਵਾਂਗ ਹੈ। ਉਹ ਰਿਹਾਅ ਹੋਣ ਦੀਆਂ ਸਾਰੀਆਂ ਉਮੀਦਾਂ ਗੁਆ ਚੁੱਕਾ ਸੀ। ਉਸ ਨੇ ਕਿਹਾ ਕਿ ਉਸ ਦੀ ਇੱਛਾ ਹੈ ਕਿ ਭਾਰਤ ਜਾਣ ਤੋਂ ਪਹਿਲਾਂ ਉਹ ਇੱਕ ਵਾਰ ਯੂਸਫ ਅਲੀ ਨੂੰ ਮਿਲ ਸਕੇ। -ਪੀਟੀਆਈ