ਏਥਨਜ਼, 25 ਦਸੰਬਰ
ਏਜੀਅਨ ਸਾਗਰ ਵਿਚ ਸ਼ੁੱਕਰਵਾਰ ਇਕ ਕਿਸ਼ਤੀ ਡੁੱਬਣ ਕਾਰਨ ਕਰੀਬ 13 ਜਣਿਆਂ ਦੀ ਮੌਤ ਹੋ ਗਈ ਹੈ। ਵੇਰਵਿਆਂ ਮੁਤਾਬਕ ਤਿੰਨ ਵੱਖ-ਵੱਖ ਘਟਨਾਵਾਂ ਵਾਪਰੀਆਂ ਹਨ ਤੇ ਮੌਤਾਂ ਦੀ ਕੁੱਲ ਗਿਣਤੀ 27 ਹੈ। ਸਾਰੇ ਹਾਦਸੇ ਗਰੀਸ ਦੇ ਪਾਣੀਆਂ ਵਿਚ ਵਾਪਰੇ ਹਨ ਤੇ ਕਿਸ਼ਤੀਆਂ ਵਿਚ ਪਰਵਾਸੀ ਸਵਾਰ ਸਨ। ਮਨੁੱਖੀ ਤਸਕਰੀ ਕਰਨ ਵਾਲੇ ਤੁਰਕੀ ਤੋਂ ਇਟਲੀ ਦਾ ਜ਼ਿਆਦਾ ਜੋਖ਼ਮ ਵਾਲਾ ਸਮੁੰਦਰੀ ਰਾਸਤਾ ਚੁਣ ਰਹੇ ਹਨ ਜੋ ਕਿ ਗਰੀਸ ਦੇ ਜ਼ਿਆਦਾ ਗਸ਼ਤ ਵਾਲੇ ਸਮੁੰਦਰੀ ਖੇਤਰ ਤੋਂ ਬਚਣ ਲਈ ਚੁਣਿਆ ਜਾ ਰਿਹਾ ਹੈ। ਪਹਿਲਾਂ ਗਰੀਸ ਦੇ ਪੂਰਬੀ ਏਜੀਅਨ ਟਾਪੂਆਂ ਦੇ ਨਾਲ ਹੀ ਵਰ੍ਹਿਆਂ ਤੱਕ ਮਨੁੱਖੀ ਤਸਕਰੀ ਹੁੰਦੀ ਰਹੀ ਹੈ। ਤੱਟ ਰੱਖਿਅਕਾਂ ਮੁਤਾਬਕ 62 ਲੋਕਾਂ ਨੂੰ ਬਚਾਇਆ ਵੀ ਗਿਆ ਹੈ। ਤੱਟ ਰੱਖਿਅਕਾਂ ਦੀਆਂ ਕਿਸ਼ਤੀਆਂ, ਨੌਂ ਪ੍ਰਾਈਵੇਟ ਜਹਾਜ਼, ਇਕ ਹੈਲੀਕੌਪਟਰ ਤੇ ਫ਼ੌਜੀ ਜਹਾਜ਼ ਰਾਤ ਵੇਲੇ ਡੁੱਬਣ ਵਾਲਿਆਂ ਦੀ ਭਾਲ ਕਰਦੇ ਰਹੇ। -ਏਪੀ