ਜਨੇਵਾ, 19 ਜਨਵਰੀ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਮਾਨਤਾ ਪ੍ਰਾਪਤ ਮਾਹਿਰਾਂ ਦੇ ਇੱਕ ਪੈਨਲ ਨੇ ਕਰੋਨਾਵਾਇਰਸ ਮਹਾਮਾਰੀ ਨੂੰ ਸ਼ੁਰੂਆਤ ’ਚ ਰੋਕਣ ਲਈ ਤੁਰੰਤ ਕਦਮ ਨਾ ਚੁੱਕਣ ਨੂੰ ਲੈ ਕੇ ਚੀਨ ਤੇ ਹੋਰਨਾਂ ਮੁਲਕਾਂ ਦੀ ਨਿੰਦਾ ਕੀਤੀ ਅਤੇ ਇਸ ਨੂੰ ਆਲਮੀ ਮਹਾਮਾਰੀ ਐਲਾਨਣ ’ਚ ਦੇਰ ਕਰਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਸਿਹਤ ਏਜੰਸੀ ’ਤੇ ਵੀ ਸਵਾਲ ਚੁੱਕੇ।
ਲਾਇਬੇਰੀਆ ਦੇ ਸਾਬਕਾ ਰਾਸ਼ਟਰਪਤੀ ਐਲੇਨ ਜੌਹਨਸਨ ਸਰਲੀਫ ਤੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੈਲੇਨ ਕਲਾਰਕ ਦੀ ਅਗਵਾਈ ਹੇਠਲੇ ਪੈਨਲ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਲੋਕਾਂ ਦੀ ਸਿਹਤ ਸੁਰੱਖਿਆ ਸਬੰਧੀ ਬੁਨਿਆਦੀ ਕਦਮ ਚੁੱਕਣ ਦਾ ਮੌਕਾ ਸ਼ੁਰੂਆਤ ’ਚ ਹੀ ਗੁਆ ਦਿੱਤਾ ਗਿਆ। ਪੈਨਲ ਨੇ ਕਿਹਾ ਕਿ ਚੀਨੀ ਅਧਿਕਾਰੀ ਲੋਕਾਂ ਦੇ ਕਰੋਨਾ ਪੀੜਤ ਹੋਣ ਤੋਂ ਤੁਰੰਤ ਬਾਅਦ ਜਨਵਰੀ ’ਚ ਹੀ ਵੱਧ ਅਸਰਦਾਰ ਢੰਗ ਨਾਲ ਆਪਣੀਆਂ ਕੋਸ਼ਿਸ਼ ਲਾਗੂ ਕਰ ਸਕਦੇ ਸਨ। ਉਨ੍ਹਾਂ ਕਿਹਾ, ‘ਸੱਚਾਈ ਇਹ ਹੈ ਕਿ ਸਿਰਫ਼ ਕੁਝ ਹੀ ਦੇਸ਼ਾਂ ਨੇ ਇੱਕ ਉੱਭਰਦੀ ਆਲਮੀ ਮਹਾਮਾਰੀ ਨੂੰ ਰੋਕਣ ਲਈ ਪ੍ਰਾਪਤ ਜਾਣਕਾਰੀ ਦਾ ਪੂਰਾ ਲਾਹਾ ਲਿਆ।’ ਪੈਨਲ ਨੇ ਇਸ ਗੱਲ ’ਤੇ ਹੈਰਾਨੀ ਜ਼ਾਹਿਰ ਕੀਤੀ ਕਿ ਡਬਲਿਊਐੱਚਓ ਨੇ ਇਸ ਨੂੰ ਤੁਰੰਤ ਆਲਮੀ ਹੰਗਾਮੀ ਹਾਲਾਤ ਕਿਉਂ ਨਹੀਂ ਐਲਾਨਿਆ। ਪੈਨਲ ਨੇ ਕਿਹਾ, ‘ਇਕ ਹੋਰ ਸਵਾਲ ਇਹ ਹੈ ਕਿ ਜੇਕਰ ਡਬਲਿਊਐੱਚਓ ਨੇ ਕਰੋਨਾਵਾਇਰਸ ਨੂੰ ਪਹਿਲਾਂ ਹੀ ਆਲਮੀ ਮਹਾਮਾਰੀ ਐਲਾਨ ਦਿੱਤਾ ਹੁੰਦਾ ਤਾਂ ਕੀ ਇਸ ਤੋਂ ਕੋਈ ਮਦਦ ਮਿਲ ਸਕਦੀ ਸੀ?’ -ਏਪੀ