ਵਾਸ਼ਿੰਗਟਨ: ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨੇ ਕੋਵਿਡ ਖ਼ਿਲਾਫ਼ ਭਾਰਤ ਦੀ ਮੁਹਿੰਮ ਨੂੰ ‘ਠੋਸ ਤੇ ਤੇਜ਼’ ਕਰਾਰ ਦਿੱਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਮੁਲਕ ਨੇ ਮਹਾਮਾਰੀ ਦੇ ਮੱਦੇਨਜ਼ਰ ਕਿਰਤ ਸੁਧਾਰ ਤੇ ਨਿੱਜੀਕਰਨ ਜਾਰੀ ਰੱਖਿਆ ਹੈ। ਆਈਐਮਐਫ ਨੇ ਆਪਣੀ ਇਕ ਰਿਪੋਰਟ ਵਿਚ ਇਹ ਵੀ ਕਿਹਾ ਕਿ ਆਰਥਿਕ ਤਸਵੀਰ ਹਾਲੇ ਵੀ ‘ਸਾਫ਼’ ਨਹੀਂ ਹੈ ਕਿਉਂਕਿ ਮਹਾਮਾਰੀ ਨਾਲ ਜੁੜੀ ਬੇਯਕੀਨੀ ਬਰਕਰਾਰ ਹੈ। ਇਸ ਲਈ ਜੋਖ਼ਮ ਕਈ ਤਰ੍ਹਾਂ ਦੇ ਹਨ। ਰਿਪੋਰਟ ਮੁਤਾਬਕ ਨਿਵੇਸ਼ ’ਤੇ ਕੋਵਿਡ ਦਾ ਨਾਕਾਰਾਤਮਕ ਅਸਰ ਪਿਆ ਹੈ। ਵਿਕਾਸ ਦੇ ਹੋਰ ਪੱਖ ਵੀ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਕਾਰਨ ਆਰਥਿਕ ਰਿਕਵਰੀ ਤੇਜ਼ੀ ਨਾਲ ਹੋਣ ਦੀ ਸੰਭਾਵਨਾ ਨਹੀਂ ਹੈ। ਆਈਐਮਐਫ ਨੇ ਵਿੱਤੀ ਵਰ੍ਹੇ 2021-22 ਵਿਚ ਭਾਰਤ ਦੀ ਆਰਥਿਕ ਵਿਕਾਸ ਦਰ 9.5 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਸੀ। ਮਹਿੰਗਾਈ ਦਰ ਵੀ ਵਿੱਤੀ ਵਰ੍ਹੇ 2021-22 ਦੌਰਾਨ 5.6 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। -ਪੀਟੀਆਈ