ਇਸਲਾਮਾਬਾਦ, 14 ਮਈ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਸੱਤਾਧਾਰੀ ਉਨ੍ਹਾਂ ਨੂੰ ਫੋਨ ਲਾ ਰਹੇ ਹਨ, ਪਰ ਉਨ੍ਹਾਂ ਨੰਬਰ ਬਲਾਕ ਕੀਤੇ ਹੋਏ ਹਨ ਤੇ ਉਹ ਉਦੋਂ ਤੱਕ ਕਿਸੇ ਨਾਲ ਗੱਲ ਨਹੀਂ ਕਰਨਗੇ ਜਦ ਤੱਕ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋ ਜਾਂਦਾ। ਇਮਰਾਨ ਨੇ ਕਿਹਾ ਕਿ ਸਰਕਾਰ ਦੇ ਉੱਚੇ ਅਹੁਦਿਆਂ ’ਤੇ ‘ਅਪਰਾਧੀਆਂ’ ਨੂੰ ਬਿਠਾਉਣ ਨਾਲੋਂ ਮੁਲਕ ਉਤੇ ਪਰਮਾਣੂ ਬੰਬ ਸੁੱਟਣਾ ਬਿਹਤਰ ਹੋਵੇਗਾ। ਊਨ੍ਹਾਂ ਆਪਣੇ ਬਿਆਨਾਂ ਰਾਹੀਂ ਫ਼ੌਜ ਨੂੰ ਵੀ ਨਿਸ਼ਾਨਾ ਬਣਾਇਆ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬੇਭਰੋਸਗੀ ਮਤਾ ਪਾਸ ਕਰ ਕੇ ਇਮਰਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਇਮਰਾਨ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਇਸਲਾਮਾਬਾਦ ਵੱਲ ‘ਇਤਿਹਾਸਕ ਮਾਰਚ’ ਲਈ ਤਿਆਰ ਰਹਿਣ। ਖਾਨ ਨੇ ਨਾਲ ਹੀ ਕਿਹਾ ਕਿ ਜਦ ਇਕ ਵਾਰ ਲੋਕ ਸੜਕਾਂ ’ਤੇ ਨਿਕਲੇ ਤਾਂ ‘ਬਹੁਤ ਸਾਰੇ ਬਦਲ’ ਖੁੱਲ੍ਹਣਗੇ। ਇਮਰਾਨ ਵਾਰ-ਵਾਰ ਦੋਸ਼ ਲਾ ਰਹੇ ਹਨ ਕਿ ਵਿਰੋਧੀ ਧਿਰਾਂ ਨੇ ਅਮਰੀਕਾ ਨਾਲ ਰਲ ਕੇ ਸਾਜ਼ਿਸ਼ ਘੜੀ ਤੇ ਉਨ੍ਹਾਂ ਨੂੰ ਅਹੁਦੇ ਤੋਂ ਲਾਹਿਆ ਹੈ। ਇਮਰਾਨ ਨੇ ਸਵਾਲ ਕੀਤਾ ਕਿ ਕੀ ਇਸ ‘ਸਾਜ਼ਿਸ਼’ ਨਾਲ ਜੁੜੇ ਲੋਕ ਪਾਕਿਸਤਾਨ ਦੇ ਭਵਿੱਖ ਦੀ ਚਿੰਤਾ ਨਹੀਂ ਕਰਦੇ? ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ‘ਸਾਜ਼ਿਸ਼’ ਬਾਰੇ ਪਿਛਲੇ ਸਾਲ ਜੂਨ ਵਿਚ ਜਾਣਕਾਰੀ ਮਿਲੀ ਸੀ। ਖਾਨ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਫ਼ੌਜ ਨਾਲ ਰਿਸ਼ਤੇ ਸਰਕਾਰ ਦੇ ਆਖ਼ਰੀ ਦਿਨ ਤੱਕ ਚੰਗੇ ਸਨ, ਪਰ ਦੋ ਮੁੱਦੇ ਸਨ ਜਿਨ੍ਹਾਂ ’ਤੇ ਉਹ ਅੱਖ ਨਹੀਂ ਸਨ ਮਿਲਾ ਰਹੇ। -ਪੀਟੀਆਈ