ਵਾਸ਼ਿੰਗਟਨ, 27 ਨਵੰਬਰ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲੀ ਵਾਰ ਕਿਹਾ ਕਿ ਜੇਕਰ ਇਲੈਕਟੋਰਲ ਕਾਲਜ ਵੱਲੋਂ ਜੋਅ ਬਾਇਡਨ ਨੂੰ ਜੇਤੂ ਐਲਾਨ ਦਿੱਤਾ ਜਾਂਦਾ ਹੈ ਤਾਂ ਉਹ ਵ੍ਹਾਈਟ ਹਾਊਸ ਛੱਡ ਦੇਣਗੇ, ਪਰ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਚੋਣਾਂ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਟਰੰਪ ਨੇ ਰਾਸ਼ਟਰਪਤੀ ਚੋਣਾਂ ਵਿੱਚ ਹਾਰ ਮੰਨਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਇਡਨ ਨੂੰ ਇਕ ਡੈਮੋਕਰੈਟ ਮੰਨਣਾ ਮੁਸ਼ਕਿਲ ਹੈ। ਟਰੰਪ ਨੇ ਇਕ ਵਾਰ ਫਿਰ ਤੋਂ ਚੋਣਾਂ ਵਿੱਚ ਧੋਖਾਧੜੀ ਦੇ ਆਪਣੇ ਦਾਅਵਿਆਂ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਹਾਰ ਮੰਨਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਉਹ ਜਾਣਦੇ ਹਨ ਕਿ ਬਹੁਤ ਵੱਡੀ ਪੱਧਰ ’ਤੇ ਧੋਖਾਧੜੀ ਹੋਈ ਹੈ। 538 ਮੈਂਬਰੀ ਇਲੈਕਟੋਰਲ ਕਾਲਜ ਦੀ ਇਕੱਤਰਤਾ 14 ਦਸੰਬਰ ਨੂੰ ਹੋਣੀ ਹੈ ਅਤੇ ਇਲੈਕਟੋਰਲ ਕਾਲਜ ਵੱਲੋਂ ਬਾਇਡਨ ਨੂੰ ਅਮਰੀਕਾ ਦਾ 46ਵਾਂ ਰਾਸ਼ਟਰਪਤੀ ਐਲਾਨੇ ਜਾਣ ਦੀ ਆਸ ਹੈ। -ਪੀਟੀਆਈ