ਡਾਲਟਨ (ਅਮਰੀਕਾ), 5 ਜਨਵਰੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿਣ ਲਈ ‘ਪੂਰੀ ਤਾਕਤ ਨਾਲ ਲੜਾਈ’ ਲੜਦੇ ਰਹਿਣਗੇ। ਉਨ੍ਹਾਂ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਵੀ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ ਨੂੰ ਹਾਰ ’ਚ ਤਬਦੀਲ ਕਰਾਉਣ ਦੀਆਂ ਕੋਸ਼ਿਸ਼ਾਂ ਕਰਨ ਲਈ ਕਿਹਾ ਹੈ। ਇਸ ਹਫ਼ਤੇ ਸੰਸਦ ਦੀ ਬੈਠਕ ਹੋਵੇਗੀ ਜਿਸ ’ਚ ਇਲੈਕਟੋਰਲ ਕਾਲੇਜ ਵੋਟ ਦੇ ਨਤੀਜਿਆਂ ਦੀ ਪੁਸ਼ਟੀ ਕੀਤੀ ਜਾਵੇਗੀ। ਟਰੰਪ ਹਮਾਇਤੀਆਂ ਨੇ ਸੋਮਵਾਰ ਰਾਤ ਨੂੰ ਜੌਰਜੀਆ ’ਚ ਰੈਲੀ ਕੱਢੀ। ਟਰੰਪ ਨੇ ਆਪਣੇ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਵ੍ਹਾਈਟ ਹਾਊਸ ਨਹੀਂ ਪਹੁੰਚਣ ਵਾਲੇ ਹਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਜ਼ਿਆਦਾਤਰ ਸਮਾਂ ਚੋਣਾਂ ਬਾਰੇ ਹੀ ਚਰਚਾ ਕੀਤੀ ਅਤੇ ਕਿਹਾ ਕਿ ‘ਜਿੱਤ ਉਨ੍ਹਾਂ ਦੀ ਹੋਈ ਹੈ।’ ਇਸ ਤੋਂ ਪਹਿਲਾਂ ਟਰੰਪ ਨੇ ਵਾਸ਼ਿੰਗਟਨ ’ਚ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਾਂਝੇ ਇਜਲਾਸ ਦੌਰਾਨ ਰਸਮੀ ਤੌਰ ’ਤੇ ਵਿਰੋਧ ਦਰਜ ਕਰਵਾਉਣ। ਸੰਸਦ ਦੇ ਇਜਲਾਸ ਦੌਰਾਨ ਬਾਇਡਨ ਦੀ ਜਿੱਤ ਦੀ ਪੁਸ਼ਟੀ ਕੀਤੀ ਜਾਵੇਗੀ। ਉਂਜ ਟਰੰਪ ਦੇ ਅੜੀਅਲ ਰਵੱਈਏ ਦਾ ਕਈ ਲੋਕ ਵਿਰੋਧ ਜਤਾ ਜੁੱਕੇ ਹਨ।
-ਏਪੀ