ਗੁਰਮਲਕੀਅਤ ਸਿੰਘ ਕਾਹਲੋਂ
ਟੋਰਾਂਟੋ, 22 ਮਈ
ਇੱਥੇ ਦੁਪਹਿਰ ਵੇਲੇ ਆਏ ਤੂਫਾਨ ਨੇ ਦੱਖਣੀ ਓਂਟਾਰੀਓ ਨੂੰ ਆਪਣੀ ਲਪੇਟ ਵਿੱਚ ਲਿਆ ਜਿਸ ਕਾਰਨ ਲਗਪਗ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸਾਢੇ ਤਿੰਨ ਲੱਖ ਘਰਾਂ ਦੀ ਬਿਜਲੀ ਬੰਦ ਹੋ ਗਈ।
ਤੂਫਾਨ ਕਾਰਨ ਸੰਚਾਰ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਇਸੇ ਦੌਰਾਨ ਹਜ਼ਾਰਾਂ ਦਰੱਖਤ ਡਿੱਗਣ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਲਗਪਗ 150 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਕਈ ਵਾਹਨ ਸੜਕਾਂ ਤੋਂ ਥੱਲੇ ਲਹਿ ਗਏ ਅਤੇ ਇੱਕ-ਦੂਜੇ ਨਾਲ ਟਕਰਾ ਗਏ। ਇਸ ਦੌਰਾਨ ਟੋਰਾਂਟੋ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਆਵਾਜਾਈ ਅੱਧੇ ਘੰਟੇ ਲਈ ਬੰਦ ਕਰਨੀ ਪਈ। ਇਸ ਤੋਂ ਇਲਾਵਾ ਛੇ ਹਵਾਈ ਜਹਾਜ਼ਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਭੇਜਣਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਮੌਤ ਦੀ ਪੁਸ਼ਟੀ ਬਰੈਂਪਟਨ ਤੋਂ ਹੋਈ, ਜਿੱਥੇ ਇਕ ਬਿਰਧ ਮਹਿਲਾ ’ਤੇ ਦਰੱਖਤ ਡਿੱਗਣ ਕਾਰਨ ਉਹ ਜ਼ਖ਼ਮੀ ਹੋ ਗਈ ਅਤੇ ਹਸਪਤਾਲ ਜਾਂਦੇ ਸਮੇਂ ਰਾਹ ਵਿੱਚ ਹੀ ਦਮ ਤੋੜ ਗਈ। ਇਸ ਤੋਂ ਇਲਾਵਾ ਇੱਕ ਕੈਂਪਿੰਗ ਸਥਾਨ ’ਤੇ ਇੱਕ ਵੱਡਾ ਟਾਹਣ ਟਰਾਲੀ ’ਤੇ ਡਿੱਗਣ ਕਾਰਨ ਇਕ ਪੁਰਸ਼ ਸੈਲਾਨੀ ਦੀ ਮੌਤ ਹੋ ਗਈ। ਇਸੇ ਤਰ੍ਹਾਂ ਓਟਾਵਾ ਵਿੱਚ ਸੜਕ ’ਤੇ ਜਾ ਰਹੀ ਕਾਰ ’ਤੇ ਬਿਜਲੀ ਦਾ ਖੰਭਾ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਸਵਾਰ ਜ਼ਖ਼ਮੀ ਹੋ ਗਏ। ਪੁਲੀਸ ਨੇ ਸ਼ਾਮ ਵੇਲੇ ਤੂਫਾਨ ਕਾਰਨ ਇਕ ਹੋਰ 40 ਸਾਲਾ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਸਰਕਾਰੀ ਸੂਤਰਾਂ ਅਨੁਸਾਰ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਪੁਲੀਸ ਅਨੁਸਾਰ 11 ਹੋਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।