ਵਾਸ਼ਿੰਗਟਨ, 18 ਅਗਸਤ
ਅਮਰੀਕੀ ਹਵਾਈ ਸੈਨਾ ਨੇ ਅੱਜ ਕਿਹਾ ਕਿ ਉਸ ਦੇ ਸੀ-17 ਗਲੋਬਮਾਸਟਰ ਕਾਰਗੋ ਜਹਾਜ਼ ਦੇ ਪਹੀਏ ਵਿੱਚੋਂ ਮਿਲੀਆਂ ਮਨੁੱਖੀ ਹੱੱਡੀਆਂ ਤੇ ਮਾਸ ਮਾਮਲੇ ਨਾਲ ਜੁੜੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਗੋ ਜਹਾਜ਼ ਨੇ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ਤੋਂ ਕਤਰ ਲਈ ਉਡਾਣ ਭਰੀ ਸੀ। ਉਂਜ ਉਡਾਣ ਭਰਨ ਤੋਂ ਪਹਿਲਾਂ ਸੈਂਕੜੇ ਅਫਗਾਨਾਂ, ਜੋ ਮੁਲਕ ਛੱਡਣ ਲਈ ਕਾਹਲੇ ਸਨ, ਨੇ ਸੀ-17 ਜਹਾਜ਼ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਉਥੇ ਧੱਕਾ-ਮੁੱਕੀ ਵੀ ਹੋਈ। ਅਫ਼ਗ਼ਾਨ ਇਸ ਕਦਰ ਕਾਹਲੇ ਸਨ ਕਿ ਕਈ ਤਾਂ ਜਹਾਜ਼ ਦੇ ਖੰਭਾਂ ਤੇ ਪਹੀਆਂ ਨਾਲ ਵੀ ਲਟਕ ਗਏ। ਸੋੋਸ਼ਲ ਮੀਡੀਆ ’ਤੇ ਨਸ਼ਰ ਵੀਡੀਓਜ਼ ਵਿੱਚ ਅਮਰੀਕੀ ਜਹਾਜ਼ ਦੇ ਉਡਾਣ ਭਰਨ ਮਗਰੋਂ ਦੋ ਵਿਅਕਤੀ ਹੇਠਾਂ ਡਿੱਗਦੇ ਵੀ ਵਿਖਾਈ ਦਿੰਦੇ ਹਨ। ਉਂਜ ਅਮਰੀਕੀ ਹਵਾਈ ਸੈਨਾ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਕਤਰ ਦੇ ਅਲ ਉਦੈਦ ਹਵਾਈ ਅੱਡੇ ’ਤੇ ਉਤਰਨ ਮਗਰੋਂ ਉਸ ਦੇ ਪਹੀਏ ਵਿੱਚੋਂ ਮਨੁੱਖੀ ਮਾਸ ਤੇ ਹੱਡੀਆਂ ਮਿਲੀਆਂ ਹਨ।
ਹਵਾਈ ਸੈਨਾ ਨੇ ਇਕ ਬਿਆਨ ਵਿੱਚ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਜਹਾਜ਼ ਬਾਰੇ ਜਾਣਕਾਰੀ ’ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਆਮ ਲੋਕਾਂ ਦੀਆਂ ਗਈਆਂ ਜਾਨਾਂ ਲਈ ਵੀਡੀਓਜ਼ ਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਵੀ ਖੰਗਾਲਿਆ ਜਾਵੇਗਾ। -ਰਾਇਟਰਜ਼