ਇਸਲਾਮਾਬਾਦ, 8 ਜੁਲਾਈ
ਅਫਗਾਨਿਸਤਾਨ ਦੇ ਉੱਤਰੀ ਅਤੇ ਪੂਰਬੀ ਖਿੱਤੇ ਵਿੱਚ ਬੇਮੌਸਮੇ ਮੀਂਹ ਅਤੇ ਹੜ੍ਹ ਕਾਰਨ ਦੋ ਬੱਚਿਆਂ ਸਮੇਤ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਨੇ ਅੱਜ ਦੱਸਿਆ ਕਿ ਹੜ੍ਹਾਂ ਕਾਰਨ 11 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਸਭ ਤੋਂ ਜ਼ਿਆਦਾ ਨੁਕਸਾਨ ਪੂਰਬੀ ਨੰਗਰਹਾਰ, ਨੂਰਿਸਤਾਨ ਅਤੇ ਗ਼ਨੀ ਸੂਬਿਆਂ ਤੋਂ ਇਲਾਵਾ ਉੱਤਰ ਵਿੱਚ ਪਰਵਾਨ ’ਚ ਹੋਇਆ ਹੈ। ਪੰਜ ਤੇ ਛੇ ਜੁਲਾਈ ਨੂੰ ਪਏ ਭਾਰੀ ਮੀਂਹ ਕਾਰਨ 280 ਤੋਂ ਵੱਧ ਘਰ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਨੌਂ ਸੂਬਿਆਂ ਵਿੱਚ ਚਾਰ ਪੁਲ ਅਤੇ ਅੱਠ ਕਿਲੋਮੀਟਰ ਸੜਕ ਸਮੇਤ ਹੋਰ ਨੁਕਸਾਨ ਵੀ ਹੋਇਆ ਹੈ। ਪੂਰਬੀ ਖੇਤਰ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਹੜ੍ਹ ਆਏ ਹਨ। ਦੇਸ਼ ਦੇ ਲੋਕ ਨਿਰਮਾਣ ਮੰਤਰਾਲੇ ਨੇ ਕਿਹਾ ਕਿ ਭਾਰੀ ਮੀਂਹ, ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਨੂਰਿਸਤਾਨ ਸੂਬੇ ਵਿੱਚ ਕੁਨਾਰ ਤੋਂ ਨੂਰਿਸਤਾਨ ਦੇ ਮੱਧ ਤੱਕ ਆਵਾਜਾਈ ਬੰਦ ਕਰ ਦਿੱਤੀ ਗਈ ਹੈ। -ਏਪੀ