ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 1 ਜੁਲਾਈ
ਕੈਨੇਡਾ ਵਿੱਚ ਲੰਘੇ ਹਫ਼ਤੇ ਤੋਂ ਪੈ ਰਹੀ ਅਤਿ ਦੀ ਗਰਮੀ ਕਾਰਨ ਹੁਣ ਤੱਕ 600 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁਕੀ ਹੈ। ਮਰਨ ਵਾਲਿਆਂ ਵਿੱਚ 486 ਲੋਕ ਤਾਂ ਇਕੱਲੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ (ਬੀਸੀ) ਨਾਲ ਸਬੰਧਤ ਸਨ। ਮ੍ਰਿਤਕਾਂ ਵਿੱਚ ਜ਼ਿਆਦਾਤਰ ਬਜ਼ੁਰਗ ਲੋਕ ਸ਼ਾਮਲ ਹਨ। ਹਾਲਾਂਕਿ ਬੀਸੀ ਵਿੱਚ ਸਿਰਫ਼ 15 ਫੀਸਦ ਹੀ ਕੈਨੇਡੀਅਨ ਲੋਕ ਵੱਸਦੇ ਹਨ, ਪਰ ਇੱਥੋਂ ਦਾ ਮੌਸਮ ਅਕਸਰ ਸਾਵਾਂ ਜਿਹਾ ਰਹਿਣ ਕਰ ਕੇ ਲੋਕ ਗਰਮੀ ਬਰਦਾਸ਼ਤ ਨਹੀਂ ਕਰ ਸਕ ਰਹੇ ਹਨ।
ਇਸ ਸੂਬੇ ਵਿਚ ਪਾਰਾ ਪਹਿਲੀ ਵਾਰ 30 ਤੋਂ ਉੱਪਰ ਟੱਪ ਕੇ ਸਿੱਧਾ 48 ਤੋਂ 50 ਡਿਗਰੀ ਤੱਕ ਪਹੁੰਚਣ ਕਾਰਨ ਹਾਲਾਤ ਅਜਿਹੇ ਬਣ ਗਏ ਹਨ। ਅਚਨਚੇਤ ਮੰਗ ਵਧਣ ਕਰ ਕੇ ਪੱਖਿਆਂ ਦੀਆਂ ਕੀਮਤਾਂ ਵਿੱਚ ਤਿੰਨ ਗੁਣਾ ਉਛਾਲ ਆਇਆ ਹੈ ਤੇ ਸਪਲਾਇਰ ਚੀਨ ਤੋਂ ਹਵਾਈ ਰਸਤੇ ਪੱਖੇ ਮੰਗਵਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਵਿਚ ਮੌਤਾਂ ਦਾ ਕਾਰਨ ਅਤੇ ਅੰਕੜੇ ਇਕੱਤਰ ਕਰਨ ਵਾਲੇ ਵਿਭਾਗ (ਕੋਰੋਨਰ ਸਰਵਿਸਿਜ਼) ਅਨੁਸਾਰ ਲੰਘੇ ਸ਼ੁੱਕਰਵਾਰ ਤੋਂ ਅੱਜ ਦੁਪਹਿਰ ਤੱਕ ਇਕੱਲੇ ਬੀਸੀ ਵਿਚ 486 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਇਸ ਦੇ ਕਾਰਨਾਂ ਨੂੰ ਗਰਮੀ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ।
ਐਂਬੂਲੈਂਸ ਸੇਵਾਵਾਂ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਟਰੌਏ ਕਲਿਫੋਰਡ ਅਨੁਸਾਰ ਬੀਤੇ ਪੰਜ ਦਿਨਾਂ ਤੋਂ ਉਨ੍ਹਾਂ ਲਈ ਮੰਗ ਅਨੁਸਾਰ ਸੇਵਾਵਾਂ ਦੇਣਾ ਔਖਾ ਹੋਇਆ ਪਿਆ ਹੈ। ਉਸ ਨੇ ਦੱਸਿਆ ਕਿ ਅਮਲੇ ਦੀ ਘਾਟ ਦੇ ਨਾਲ-ਨਾਲ ਗੱਡੀਆਂ ਦਾ ਐਨੀ ਗਰਮੀ ਵਿੱਚ ਲੰਬੀ ਵਾਟ ਤੱਕ ਤੇਜ਼ ਰਫ਼ਤਾਰ ਚੱਲਣਾ ਔਖਾ ਹੋ ਗਿਆ ਹੈ। ਪ੍ਰੀਮੀਅਰ (ਮੁੱਖ ਮੰਤਰੀ) ਜੌਹਨ ਹੌਰਗਨ ਨੇ ਮੌਤਾਂ ’ਤੇ ਦੁੱਖ ਪ੍ਰਗਟ ਕਰਦਿਆਂ ਕੁਦਰਤੀ ਕਰੋਪੀ ਅੱਗੇ ਬੇਵੱਸੀ ਪ੍ਰਗਟਾਈ ਹੈ। ਓਂਟਾਰੀਓ, ਸਸਕੈਚਵਨ, ਅਲਬਰਟਾ, ਮਿਨੀਟੋਬਾ ਤੇ ਕਿਊਬਕ ਵਿਚ ਗਰਮੀ ਕਾਰਨ 124 ਮੌਤਾਂ ਹੋਣ ਦੀ ਸੂਚਨਾ ਮਿਲੀ ਹੈ। ਉਂਜ ਅੱਜ ਤੋਂ ਪਾਰਾ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਹੈ।
ਕੈਨੇਡਾ ਵਿਚ ਸਵਾ ਸਾਲ ਤੋਂ ਲੱਗੀ ਮਹਾਮਾਰੀ ਐਮਰਜੈਂਸੀ ਹਟਣ ਦੀ ਸ਼ੁਰੂਆਤ
ਵੈਨਕੂਵਰ: ਕੈਨੇਡਾ ਵਿਚ ਕਰੋਨਾਵਾਇਰਸ ਕਾਰਨ 67 ਹਫ਼ਤੇ ਪਹਿਲਾਂ ਲੱਗੀ ਐਮਰਜੈਂਸੀ ਅੱਜ ਤੋਂ ਹੱਟ ਗਈ ਹੈ। ਬ੍ਰਿਟਿਸ਼ ਕੋਲੰਬੀਆ (ਬੀਸੀ) ਦੀ ਸੂਬਾ ਸਰਕਾਰ ਨੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਘਰੋਂ ਬਾਹਰ ਮਾਸਕ ਪਹਿਨਣ ਦੀ ਪਾਬੰਦੀ ਹਟਾ ਕੇ ਇਸ ਨੂੰ ਲੋਕਾਂ ਦੀ ਮਰਜ਼ੀ ’ਤੇ ਛੱਡ ਦਿੱਤਾ ਗਿਆ ਹੈ। ਕੈਨੇਡਾ-ਅਮਰੀਕਾ ਸੜਕੀ ਰਸਤੇ ਕੁਝ ਸ਼ਰਤਾਂ ਤਹਿਤ 5 ਜੁਲਾਈ ਤੋਂ ਖੋਲ੍ਹੇ ਜਾਣ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।