ਵਾਸ਼ਿੰਗਟਨ: ਲਾਸ ਏਂਜਲਸ ’ਚ ਇਕ ਸੰਘੀ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕੈਨੇਡਿਆਈ ਕਾਰੋਬਾਰੀ ਤਹੱਵੁਰ ਰਾਣਾ ਦੀ ਹਵਾਲਗੀ ਦੇ ਮਾਮਲੇ ’ਚ ਤਰੀਕ ਤੈਅ ਕਰ ਲਈ ਹੈ। ਭਾਰਤ ’ਚ 2008 ਦੇ ਮੁੰਬਈ ਅਤਿਵਾਦੀ ਹਮਲੇ ’ਚ ਸ਼ਮੂਲੀਅਤ ਕਾਰਨ ਉਹ ਲੋੜੀਂਦਾ ਹੈ। ਭਾਰਤ ਸਰਕਾਰ ਦੀ ਬੇਨਤੀ ’ਤੇ ਹਵਾਲਗੀ ਦੀ ਸੁਣਵਾਈ ਲਾਸ ਏਂਜਲਸ ’ਚ ਮੈਜਿਸਟਰੇਟ ਜੱਜ ਜੈਕਲੀਨ ਚੁਲਜਿਆਨ ਕਰੇਗੀ। ਅਦਾਲਤੀ ਰਿਕਾਰਡ ਮੁਤਾਬਕ ਅਮਰੀਕੀ ਸਰਕਾਰ ਨੇ ਇਸ ਹਫ਼ਤੇ ਦੋ ਵਾਰ ਅਦਾਲਤ ਅੱਗੇ ਸੀਲਬੰਦ ਭਾਰਤੀ ਦਸਤਾਵੇਜ਼ ਸੌਂਪੇ ਹਨ। ਇਕ ਦਸਤਾਵੇਜ਼ ਬੁੱਧਵਾਰ ਨੂੰ ਸੌਂਪਿਆ ਗਿਆ ਹੈ ਅਤੇ ਹਵਾਲਗੀ ਸਬੰਧੀ ਸੁਣਵਾਈ 25 ਜੂਨ ਨੂੰ ਹੋਵੇਗੀ। ਰਾਣਾ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਦੇ ਬਚਪਨ ਦਾ ਦੋਸਤ ਹੈ। ਭਾਰਤ ਦੀ ਬੇਨਤੀ ’ਤੇ ਰਾਣਾ ਨੂੰ ਲਾਸ ਏਂਜਿਲਸ ’ਚ 10 ਜੂਨ, 2020 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। -ਪੀਟੀਆਈ