ਗਾਜ਼ਾ ਸਿਟੀ, 17 ਮਈ
ਇਜ਼ਰਾਈਲ ਵੱਲੋਂ ਗਾਜ਼ਾ ’ਤੇ ਕੀਤੇ ਗਏ ਜ਼ੋਰਦਾਰ ਹਵਾਈ ਹਮਲਿਆਂ ਵਿਚ ਇਕ ਫ਼ਲਸਤੀਨੀ ਦਹਿਸ਼ਤਗਰਦ ਕਮਾਂਡਰ ਮਾਰਿਆ ਗਿਆ ਹੈ। ਇਸੇ ਦੌਰਾਨ ਇਸਲਾਮਿਕ ਦਹਿਸ਼ਤਗਰਦ ਸੰਗਠਨ ਨੇ ਵੀ ਇਜ਼ਰਾਇਲੀ ਸ਼ਹਿਰਾਂ ’ਤੇ ਰਾਕੇਟ ਹਮਲੇ ਮੁੜ ਆਰੰਭ ਦਿੱਤੇ ਹਨ। ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਬਹਾਲੀ ਲਈ ਵੀ ਕੌਮਾਂਤਰੀ ਪੱਧਰ ’ਤੇ ਆਵਾਜ਼ ਉੱਠ ਰਹੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੇਨਤੀ ਕੀਤੀ ਹੈ ਕਿ ਸਾਰੀਆਂ ਧਿਰਾਂ ਨਾਗਰਿਕਾਂ ਦੀ ਰਾਖੀ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਟਕਰਾਅ ਨੂੰ ਰੋਕਣ ਲਈ ਪੂਰਾ ਯਤਨ ਕਰ ਰਿਹਾ ਹੈ। ਗਾਜ਼ਾ ਸਿਹਤ ਮਹਿਕਮੇ ਮੁਤਾਬਕ ਹੁਣ ਤੱਕ 201 ਫ਼ਲਸਤੀਨੀ ਹਮਲਿਆਂ ਵਿਚ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿਚ 58 ਬੱਚੇ ਤੇ 34 ਔਰਤਾਂ ਸ਼ਾਮਲ ਹਨ। ਇਜ਼ਰਾਈਲ ਵਿਚ ਦਸ ਮੌਤਾਂ ਹੋਈਆਂ ਹਨ ਜਿਨ੍ਹਾਂ ਵਿਚ ਦੋ ਬੱਚੇ ਸ਼ਾਮਲ ਹਨ। ਉੱਤਰੀ ਗਾਜ਼ਾ ਦੇ ਇਸਲਾਮਿਕ ਜਹਾਦ ਕਮਾਂਡਰ ਹੁਸਾਮ ਅਬੂ ਹਰਬੀਦ ਦੇ ਮਰਨ ਤੋਂ ਬਾਅਦ ਦਹਿਸ਼ਤਗਰਦ ਗਰੁੱਪ ਹਮਾਸ ਨੇ ਹਮਲੇ ਤਿੱਖੇ ਕਰ ਦਿੱਤੇ ਹਨ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਹਰਬੀਦ ਦਾ ਕਈ ਹਮਲਿਆਂ ’ਚ ਹੱਥ ਸੀ। ਇਕ ਇਜ਼ਰਾਇਲੀ ਜਨਰਲ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਸ ਜੰਗ ਨੂੰ ‘ਸਦਾ ਲਈ’ ਵੀ ਜਾਰੀ ਰੱਖ ਸਕਦਾ ਹੈ। ਗਾਜ਼ਾ ਦੇ ਦਹਿਸ਼ਤਗਰਦ ਗਰੁੱਪਾਂ ਵੱਲੋਂ ਵੀ ਕਿਸੇ ਕਿਸਮ ਦੀ ਨਰਮੀ ਵਰਤੇ ਜਾਣ ਦਾ ਸੰਕੇਤ ਨਹੀਂ ਮਿਲਿਆ ਹੈ। ਗਾਜ਼ਾ ਨੇ ਰਾਤੋ-ਰਾਤ ਕਰੀਬ 60 ਰਾਕੇਟ ਇਜ਼ਰਾਈਲ ਵੱਲ ਦਾਗੇ ਹਨ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਫ਼ੌਜ ਵੱਲੋਂ ਕੀਤੇ ਜਾ ਰਹੇ ਹਵਾਈ ਹਮਲਿਆਂ ਵਿਚ 15 ਕਿਲੋਮੀਟਰ ਲੰਮੀਆਂ ਦਹਿਸ਼ਤਗਰਦਾਂ ਵੱਲੋਂ ਵਰਤੀਆਂ ਜਾਂਦੀਆਂ ਸੁਰੰਗਾਂ ਤੇ ਹਮਾਸ ਕਮਾਂਡਰਾਂ ਦੇ 9 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਰਾਜਦੂਤਾਂ ਤੇ ਮੁਸਲਿਮ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਐਮਰਜੈਂਸੀ ਬੈਠਕ ਕਰ ਕੇ ਮੰਗ ਕੀਤੀ ਹੈ ਕਿ ਲੋਕਾਂ ਦਾ ਕਤਲੇਆਮ ਰੋਕਿਆ ਜਾਵੇ।
ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਜਨਤਕ ਤੌਰ ’ਤੇ ਕੋਈ ਅਜਿਹਾ ਸੰਕੇਤ ਨਹੀਂ ਦਿੱਤਾ ਹੈ ਜਿਸ ਤੋਂ ਲੱਗੇ ਕਿ ਤੁਰੰਤ ਗੋਲੀਬੰਦੀ ਲਈ ਇਜ਼ਰਾਈਲ ਉਤੇ ਦਬਾਅ ਬਣਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਵਿਚ ਬਾਇਡਨ ਦੀ ਦੂਤ ਲਿੰਡਾ ਥੌਮਸ ਗ੍ਰੀਨਫੀਲਡ ਨੇ ਕਿਹਾ ਕਿ ਅਮਰੀਕਾ ਕੂਟਨੀਤਕਾਂ ਮਾਧਿਅਮ ਰਾਹੀਂ ਲੜਾਈ ਰੋਕਣ ਲਈ ਪੂਰਾ ਜ਼ੋਰ ਲਾ ਰਿਹਾ ਹੈ। ਦੂਜੇ ਮੁਲਕਾਂ ਵੱਲੋਂ ਕੀਤੀਆਂ ਗਈਆਂ ਅਪੀਲਾਂ ਦਾ ਵੀ ਫਿਲਹਾਲ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। -ਰਾਇਟਰਜ਼/ਏਪੀ
ਚੀਨ ਵੱਲੋਂ ਅਮਰੀਕਾ ਨੂੰ ਉਸਾਰੂ ਭੂਮਿਕਾ ਨਿਭਾਉਣ ਦੀ ਬੇਨਤੀ
ਪੇਈਚਿੰਗ: ਚੀਨ ਨੇ ਅੱਜ ਮੁੜ ਅਮਰੀਕਾ ਨੂੰ ਕਿਹਾ ਕਿ ਗਾਜ਼ਾ ਵਿਚ ਟਕਰਾਅ ਰੋਕਣ ਲਈ ਉਹ ਉਸਾਰੂ ਭੂਮਿਕਾ ਨਿਭਾਏ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਸੰਯੁਕਤ ਰਾਸ਼ਟਰ ਵਿਚ ਹੋ ਰਹੇ ਯਤਨਾਂ ’ਚ ‘ਅੜਿੱਕਾ’ ਨਾ ਪਾਇਆ ਜਾਵੇ ਤੇ ਕੌਮਾਂਤਰੀ ਸੰਗਠਨ ਰਾਹੀਂ ਖ਼ੂਨ-ਖਰਾਬਾ ਰੋਕਣ ਦੀ ਮੰਗ ਕੀਤੀ ਜਾਵੇ। ਚੀਨ ਨੇ ਨਾਗਰਿਕਾਂ ’ਤੇ ਹੋ ਰਹੀ ਹਿੰਸਾ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਇਜ਼ਰਾਈਲ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਲਈ ਕਿਹਾ ਹੈ। ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਈਅਪ ਅਰਦੋਗਾਂ ਨੇ ਕਿਹਾ ਹੈ ਕਿ ਉਨ੍ਹਾਂ ਪੋਪ ਫਰਾਂਸਿਸ ਨੂੰ ਬੇਨਤੀ ਕੀਤੀ ਹੈ ਕਿ ਇਜ਼ਰਾਈਲ ਵਿਰੁੱਧ ਪਾਬੰਦੀਆਂ ਦੀ ਹਮਾਇਤ ਕਰਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਇਜ਼ਰਾਈਲ ਨੂੰ ਕੋਈ ਸਜ਼ਾ ਨਹੀਂ ਮਿਲਦੀ ਉਹ ਫ਼ਲਸਤੀਨੀਆਂ ਦਾ ‘ਕਤਲੇਆਮ’ ਕਰਦਾ ਰਹੇਗਾ। -ਏਪੀ