ਲਾਹੌਰ, 19 ਨਵੰਬਰ
ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅਤਿਵਾਦ ਨਾਲ ਸਬੰਧਤ ਦੋ ਹੋਰ ਕੇਸਾਂ ਵਿੱਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੰਯੁਕਤ ਰਾਸ਼ਟਰ ਵੱਲੋਂ ਦਹਿਸ਼ਤਗਰਦ ਐਲਾਨੇ ਸਈਦ ਦੇ ਸਿਰ ’ਤੇ ਅਮਰੀਕਾ ਨੇ 1 ਕਰੋੜ ਡਾਲਰ ਦਾ ਇਨਾਮ ਰੱਖਿਆ ਹੈ ਤੇ ਊਸ ਨੂੰ ਪਿਛਲੇ ਸਾਲ 17 ਜੁਲਾਈ ਨੂੰ ਦਹਿਸ਼ਤਗਰਦਾਂ ਨੂੰ ਫੰਡਿੰਗ ਕੇਸਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਤਿਵਾਦ ਵਿਰੋਧੀ ਅਦਾਲਤ ਨੇ ਸਈਦ ਨੂੰ ਇਸ ਸਾਲ ਫਰਵਰੀ ਵਿੱਚ ਦਹਿਸ਼ਤੀ ਫ਼ੰਡਿੰਗ ਦੇ ਦੋ ਕੇਸਾਂ ਵਿੱਚ 11 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਸਈਦ ਇਸ ਵੇਲੇ ਲਾਹੌਰ ਦੀ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਸਈਦ ਦੇ ਨਾਲ ਜਥੇਬੰਦੀ ਦੇ ਤਿੰਨ ਹੋਰਨਾਂ ਆਗੂਆਂ ਨੂੰ ਵੀ ਸਜ਼ਾ ਸੁਣਾਈ ਹੈ।
-ਪੀਟੀਆਈ