ਵਾਸ਼ਿੰਗਟਨ: ਇਕ ਅਮਰੀਕੀ ਸਿਆਸੀ ਟਿੱਪਣੀਕਾਰ ਨੇ ਕਾਨੂੰਨਘਾੜਿਆਂ ਅੱਗੇ ਆਪਣੀ ਦਲੀਲ ਪੇਸ਼ ਕਰਦਿਆਂ ਕਿਹਾ ਕਿ ਪਰਵਾਸੀ ਮਹਿਮਾਨ ਵਰਕਰਾਂ ਲਈ ਦਿੱਤੇ ਜਾਂਦੇ ਐੱਚ-1ਬੀ ਵੀਜ਼ਾ ਯੋਜਨਾ ਦੇ ਸੰਚਾਲਨ ਤੇ ਲਾਗੂ ਕਰਨ ਨੇ ਦੇਸ਼ ਦੀਆਂ ਲੋੜਾਂ ਮੁਤਾਬਕ ਰਫ਼ਤਾਰ ਨਹੀਂ ਫੜੀ ਹੈ। ਇਕ ਸਾਬਕਾ ਰਿਪਬਲੀਕਨ ਮਹਿਲਾ ਸੰਸਦ ਮੈਂਬਰ, ਚੋਟੀ ਦੀ ਟਿੱਪਣੀਕਾਰ ਅਤੇ ਯੂਟਾ ਯੂਨੀਵਰਸਿਟੀ ਦੀ ਕੌਮੀ ਆਊਟਰੀਚ ਡਾਇਰੈਕਟਰ ਮੀਆ ਲਵ ਨੇ ਬੁੱਧਵਾਰ ਨੂੰ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਅੱਗੇ ਆਪਣੀ ਗੱਲ ਰੱਖਦਿਆਂ ਕਿਹਾ, ‘‘2005 ਵਿੱਚ ਵੀ 85,000 ਵੀਜ਼ਾ ਜਾਰੀ ਕੀਤੇ ਜਾ ਰਹੇ ਸਨ ਅਤੇ ਅੱਜ, ਤਕਰੀਬਨ 20 ਸਾਲਾਂ ਬਾਅਦ ਵੀ 85,000 ਵੀਜ਼ਾ ਜਾਰੀ ਕੀਤੇ ਜਾ ਰਹੇ ਹਨ। ਹੁਨਰਮੰਦ ਵਿਅਕਤੀਆਂ ਦੀ ਇਮੀਗ੍ਰੇਸ਼ਨ ਵਧਾਉਣ ਲਈ ਕਈ ਵਧੀਆ ਬਦਲ ਹਨ।’’ ਇਮੀਗ੍ਰੇਸ਼ਨ, ਨਾਗਰਿਕਤਾ ਅਤੇ ਸਰਹੱਦੀ ਸੁਰੱਖਿਆ ਸਬੰਧੀ ਸਬ ਕਮੇਟੀ ਜੋ ਕਿ ਵਰਕਰਾਂ ਦੀ ਗਿਣਤੀ ਵਧਾਉਣ ਸਬੰਧੀ ਸੁਣਵਾਈ ਕਰ ਰਹੀ ਸੀ, ਅੱਗੇ ਆਪਣੀ ਗੱਲ ਰੱਖਦਿਆਂ ਮੀਆ ਲਵ ਨੇ ਕਿਹਾ ਕਿ ਖੋਜ ਅਨੁਸਾਰ ਉੱਚ ਹੁਨਰਮੰਦ ਵਰਕਰਾਂ ਦੀ ਇਮੀਗ੍ਰੇਸ਼ਨ ਵਧਾਉਣ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। -ਪੀਟੀਆਈ