ਬਚਿੱਤਰ ਕੁਹਾੜ
ਐਡੀਲੇਡ, 21 ਜਨਵਰੀ
ਇੱਥੇ ਪੁਰਸਕਾਰ ਪ੍ਰੀਮੀਅਰ ਵਿਭਾਗ, ਕੈਬਨਿਟ ਤੇ ਬਹੁ-ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਕਰਾਏ ਗਏ 2021 ਦੇ ਐਵਾਰਡ ਵੰਡ ਸਮਾਗਮ ਵਿੱਚ ਚਾਹਤ ਰੈਸਟੋਰੈਂਟ ਦੇ ਮਾਲਕ ਗੁਰਜਿੰਦਰ ਸਿੰਘ ਕਾਹਲੋਂ ਨੂੰ ‘ਐਕਟਿਵ ਸਿਟੀਜ਼ਨਸ਼ਿਪ ਗਵਰਨਰ ਐਵਾਰਡ 2021’ ਨਾਲ ਨਿਵਾਜਿਆ ਗਿਆ। ਸ੍ਰੀ ਕਾਹਲੋਂ ਵੱਲੋਂ ਕੋਵਿਡ-19 ਸੰਕਟ ਦੌਰਾਨ ਪਰਵਾਸੀ ਪਾੜ੍ਹਿਆਂ ਨੂੰ ਪਹਿਲੇ ਤਿੰਨ ਮਹੀਨੇ ਲਈ ਮੁਫ਼ਤ ਖਾਣਾ ਅਤੇ ਲੋੜੀਂਦੇ ਭੋਜਨ ਪਦਾਰਥ ਮੁਹੱਈਆ ਕਰਵਾਉਣ, ਇਕਾਂਤਵਾਸ ’ਚ ਰਹੇ ਲੋਕਾਂ ਨੂੰ ਮੁਫ਼ਤ ਖਾਣਾ ਪਹੁੰਚਾਉਣ ਸਬੰਧੀ ਨਿਭਾਈਆਂ ਸੇਵਾਵਾਂ ਲਈ ਦੱਖਣੀ ਆਸਟਰੇਲੀਆ ਦੇ ਗਵਰਨਰ ਹਿਊ ਵੈਨ ਲੀ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ 12 ਹੋਰ ਸਮਾਜ ਸੇਵੀਆਂ ਨੂੰ ਸਮੁੱਚੇ ਭਾਈਚਾਰੇ ਲਈ ਸਾਂਝੀਆਂ ਸੇਵਾਵਾਂ ਪ੍ਰਦਾਨ ਕਰਨ ਲਈ ‘ਐਕਟਿਵ ਸਿਟੀਜ਼ਨਸ਼ਿਪ ਐਵਾਰਡ’ ਨਾਲ ਸਨਮਾਨਿਆ ਗਿਆ।
ਇਸ ਮੌਕੇ ਦੱਖਣੀ ਆਸਟਰੇਲੀਆ ਦੇ ਗਵਰਨਰ ਹਿਊ ਵੈਨ ਲੀ ਨੇ ਕਿਹਾ ਕਿ ਅਜਿਹੇ ਪੁਰਸਕਾਰ ਸਮਾਜ ਵਿੱਚ ਸੱਭਿਆਚਾਰਕ ਵਿਭਿੰਨਤਾ ਦੇ ਮੁਨਾਫਿਆਂ ਦੀ ਸਮਝ ਨੂੰ ਵਧਾਉਂਦੇ ਹਨ। ਗੁਰਜਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਪਤਨੀ ਰਮਨ ਬਾਜਵਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਲ 2009 ਵਿੱਚ ਐਡੀਲੇਡ ਆਏ ਸਨ।