ਇਸਲਾਮਾਬਾਦ, 12 ਮਾਰਚ
ਹੁਕਮਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਗੁਰਦੀਪ ਸਿੰਘ ਨੇ ਅੱਜ ਸੈਨੇਟਰ ਵਜੋਂ ਹਲਫ਼ ਲੈ ਲਿਆ ਹੈ। ਉਹ ਨੈਸ਼ਨਲ ਅਸੈਂਬਲੀ (ਪਾਕਿਸਤਾਨੀ ਸੰਸਦ) ਦੇ ਉਪਰਲੇ ਸਦਨ ’ਚ ਪਹਿਲੇ ਦਸਤਾਰਧਾਰੀ ਸਿੱਖ ਨੁਮਾਇੰਦੇ ਬਣ ਗਏ ਹਨ। ਉਨ੍ਹਾਂ ਖੈਬਰ ਪਖਤੂਨਖਵਾ ਸੂਬੇ ਤੋਂ 3 ਮਾਰਚ ਨੂੰ ਹੋਈ ਚੋਣ ਦੌਰਾਨ ਜਮਾਇਤ ਉਲੇਮਾ-ਏ-ਇਸਲਾਮ (ਫਜ਼ਲੁਰ) ਦੇ ਉਮੀਦਵਾਰ ਰਣਜੀਤ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ ਸੀ। 145 ਮੈਂਬਰੀ ਸਦਨ ’ਚ ਗੁਰਦੀਪ ਸਿੰਘ ਨੂੰ 103 ਜਦਕਿ ਰਣਜੀਤ ਸਿੰਘ ਨੂੰ ਮਹਿਜ਼ 25 ਵੋਟਾਂ ਮਿਲੀਆਂ ਸਨ। ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ਼ ਭੱਟੀ ਨੂੰ 12 ਵੋਟਾਂ ਨਸੀਬ ਹੋਈਆਂ ਸਨ। ਉਨ੍ਹਾਂ ਨਾਲ 47 ਹੋਰਾਂ ਨੇ ਵੀ ਸੈਨੇਟਰ ਵਜੋਂ ਹਲਫ਼ ਲਿਆ ਹੈ। ਸਵਾਤ ਜ਼ਿਲ੍ਹੇ ਨਾਲ ਸਬੰਧਤ ਗੁਰਦੀਪ ਸਿੰਘ ਨੇ ਹਲਫ਼ ਲੈਣ ਮਗਰੋਂ ਖ਼ਬਰ ਏਜੰਸੀ ਨੂੰ ਕਿਹਾ ਕਿ ਉਹ ਮੁਲਕ ’ਚ ਘੱਟ ਗਿਣਤੀ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਸੈਨੇਟਰ ਬਣਨ ਮਗਰੋਂ ਉਹ ਸਿੱਖਾਂ ਦੀ ਵਧੀਆ ਢੰਗ ਨਾਲ ਸੇਵਾ ਕਰ ਸਕਣਗੇ। -ਪੀਟੀਆਈ
ਪੀਟੀਆਈ ਉਮੀਦਵਾਰ ਸੰਜਰਾਨੀ ਦੂਜੀ ਵਾਰ ਸੈਨੇਟ ਦੇ ਚੇਅਰਮੈਨ ਬਣੇ
ਇਸਲਾਮਾਬਾਦ: ਹੁਕਮਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਸਮਰਥਿਤ ਉਮੀਦਵਾਰ ਸਾਦਿਕ ਸੰਜਰਾਨੀ ਦੂਜੀ ਵਾਰ ਸੈਨੇਟ ਦੇ ਚੇਅਰਮੈਨ ਬਣਨ ’ਚ ਕਾਮਯਾਬ ਰਹੇ। ਉਨ੍ਹਾਂ ਵਿਰੋਧੀ ਉਮੀਦਵਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੂੰ ਹਰਾਇਆ। 99 ਮੈਂਬਰੀ ਸੈਨੇਟ ’ਚ ਸੰਜਰਾਨੀ ਨੂੰ 48 ਜਦਕਿ ਗਿਲਾਨੀ ਨੂੰ 42 ਵੋਟਾਂ ਮਿਲੀਆਂ। ਸਾਂਝੀ ਵਿਰੋਧੀ ਧਿਰ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਉਪਰਲੇ ਸਦਨ ’ਚ ਉਨ੍ਹਾਂ ਨੂੰ ਬਹੁਮਤ ਹਾਸਲ ਹੈ। ਚੋਣਾਂ ਦੌਰਾਨ ਕੁੱਲ 98 ਮੈਂਬਰਾਂ ਨੇ ਵੋਟਾਂ ਪਾਈਆਂ। ਗਿਲਾਨੀ ਨੂੰ ਪਏ ਸੱਤ ਵੋਟ ਰੱਦ ਕੀਤੇ ਜਾਣ ਮਗਰੋਂ ਵਿਰੋਧੀ ਧਿਰ ਨੇ ਚੋਣ ਨਤੀਜਿਆਂ ਨੂੰ ਚੁਣੌਤੀ ਦਿੱਤੀ ਸੀ ਪਰ ਪ੍ਰੀਜ਼ਾਇਡਿੰਗ ਅਫ਼ਸਰ ਸੱਯਦ ਮੁਜ਼ੱਫਰ ਹੁਸੈਨ ਸ਼ਾਹ ਨੇ ਉਨ੍ਹਾਂ ਦੇ ਇਤਰਾਜ਼ ਨੂੰ ਖਾਰਜ ਕਰ ਦਿੱਤਾ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੈਨੇਟਰ ਮਿਰਜ਼ਾ ਮੁਹੰਮਦ ਅਫ਼ਰੀਦੀ ਨੂੰ ਡਿਪਟੀ ਚੇਅਰਮੈਨ ਦੇ ਅਹੁਦੇ ਲਈ ਨਾਮਜ਼ਦ ਕੀਤਾ ਸੀ।ਇਸ ਤੋਂ ਪਹਿਲਾਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੈਨੇਟਰ ਮੁਸਤਫ਼ਾ ਨਵਾਜ਼ ਖੋਖਰ ਨੇ ਦਾਅਵਾ ਕੀਤਾ ਸੀ ਕਿ ਸੈਨੇਟ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਦੀ ਚੋਣ ਲਈ ਪਾਈਆਂ ਜਾ ਰਹੀਆਂ ਵੋਟਾਂ ਦੌਰਾਨ ਪੋਲਿੰਗ ਬੂਥਾਂ ’ਤੇ ਜਾਸੂਸੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਸੈਨੇਟਰ ਮੁਸੱਦਿਕ ਮਲਿਕ ਨੇ ਪੋਲਿੰਗ ਬੂਥਾਂ ’ਤੇ ਜਾਸੂਸੀ ਕੈਮਰੇ ਦੇਖੇ ਹਨ। ਉਨ੍ਹਾਂ ਦੇ ਵਿਰੋਧ ਜਤਾਏ ਜਾਣ ਮਗਰੋਂ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਪੋਲਿੰਗ ਬੂਥ ਬਦਲਣ ਦੇ ਨਿਰਦੇਸ਼ ਦੇਣੇ ਪਏ। -ਪੀਟੀਆਈ