ਇਸਲਾਮਾਬਾਦ, 17 ਮਈ
ਪਾਕਿਸਤਾਨ ਸਰਕਾਰ ਨੇ ਮੁਲਕ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਆਪਣੇ ਕਾਰਜਕਾਲ ਦੌਰਾਨ ਸ਼ੁਰੂ ਕੀਤੀ ਯੂਨੀਵਰਸਿਟੀ ਨੂੰ ਨਗ਼ਦੀ ਤੇ ਜ਼ਮੀਨ ਦੇ ਰੂਪ ਵਿੱਚ ਬੇਲੋੜਾ ਲਾਹਾ ਦੇਣ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਸੂਬੇ ਦੇ ਸੋਹਾਵਾ ਕਸਬੇ ਵਿੱਚ ਸਾਲ 2019 ਵਿੱਚ ਅਬਦੁਲ ਕਾਦਰ ਯੂਨੀਵਰਸਿਟੀ ਸ਼ੁਰੂ ਕੀਤੀ ਗਈ ਸੀ। ਯੂਨੀਵਰਸਿਟੀ ਦੇ ਨੀਂਹ ਪੱਥਰ ਲਈ ਰੱਖੇ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਹ ਨਿੱਜੀ ਯੂਨੀਵਰਸਿਟੀ ਸਮਾਜ ਸੇਵੀਆਂ ਵੱਲੋਂ ਦਾਨ ਵਿੱਚ ਮਿਲੀ ਰਾਸ਼ੀ ਨਾਲ ਚੱਲੇਗੀ। ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਲੰਘੇ ਦਿਨ ਕੌਮੀ ਅਸੈਂਬਲੀ ਨੂੰ ਦੱਸਿਆ ਸੀ ਕਿ ਇਮਰਾਨ ਖ਼ਾਨ, ਉਨ੍ਹਾਂ ਦੀ ਬੇਗ਼ਮ ਬੁਸ਼ਰਾ ਬੀਬੀ ਤੇ ਉਸ ਦੀ ਦੋਸਤ ਫਰਾਹ ਗੋਗੀ ਯੂਨੀਵਰਸਿਟੀ ਦੇ ਟਰੱਸਟੀ ਹਨ। ਆਸਿਫ਼ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਨਾਲ ਬੇਲੋੜੀ ਲਿਹਾਜ਼ ਰੱਖਦਿਆਂ ਇਸ ਨੂੰ 50 ਕਰੋੜ ਰੁਪਏ ਨਗ਼ਦ ਅਤੇ 450 ਕਨਾਲ ਜ਼ਮੀਨ ਦਿੱਤੀ ਗਈ। ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਫਰਾਹ ਨੂੰ ਵੀ 200 ਕਨਾਲਾਂ ਜ਼ਮੀਨ ਦਿੱਤੀ ਗਈ। ਉਨ੍ਹਾਂ ਕਿਹਾ, ‘‘ਅਸੀਂ ਇਮਰਾਨ ਖ਼ਾਨ ਤੋਂ ਇਨ੍ਹਾਂ ਮਿਹਰਬਾਨੀਆਂ ਬਾਰੇ ਜਵਾਬ ਮੰਗਾਂਗੇੇ।’’ ਗੋੋਗੀ, ਜਿਸ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਦੁਬਈ ਭੱਜ ਗਈ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਭਾਗ ਵਿੱਚ ਮੈਨੇਜਮੈਂਟ ਸਾਇੰਸ ਦੇ ਸਿਰਫ਼ 32 ਵਿਦਿਆਰਥੀ ਪੜ੍ਹ ਰਹੇ ਹਨ, ਜੋ ਅੱਗੇ ਸਰਕਾਰੀ ਕਾਲਜ ਯੂਨੀਵਰਸਿਟੀ ਨਾਲ ਸਬੰਧਤ ਹੈ। -ਪੀਟੀਆਈ