ਹਰਜੀਤ ਲਸਾੜਾ
ਬ੍ਰਿਸਬਨ, 16 ਅਕਤੂਬਰ
ਇੱਥੇ ਪੰਜਾਬੀ ਭਾਸ਼ਾ ਅਤੇ ਇਸ ਦੇ ਪਸਾਰ ਲਈ ਕਾਰਜਸ਼ੀਲ ਸੰਸਥਾ ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬਨ ਵੱਲੋਂ ਗਲੋਬਲ ਇੰਸਟੀਚਿਊਟ ਵਿੱਚ ਸਾਹਿਤਕ ਬੈਠਕ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਦੌਰਾਨ ਗ਼ਜ਼ਲਗੋ ਜਸਵੰਤ ਵਾਗਲਾ ਵੱਲੋਂ ਕਵਿਤਰੀ ਮਨ ਮਾਨ ਦਾ ਗ਼ਜ਼ਲ ਸੰਗ੍ਰਹਿ ‘ਰਾਵੀ ਦੀ ਰੀਝ’ ਲੋਕ ਅਰਪਣ ਕੀਤਾ ਗਿਆ। ਵਾਗਲਾ ਨੇ ਇਸ ਨੂੰ ਮਨੁੱਖੀ ਵਲਵਲਿਆਂ ਦੀ ਤਰਜਮਾਨੀ ਕਰਦਾ ਸ਼ਬਦੀ ਸੰਗ੍ਰਹਿ ਆਖਿਆ।
ਸਮਾਗਮ ਦੌਰਾਨ ਹਰਮਨਦੀਪ ਗਿੱਲ ਨੇ ਸੂਬਾ ਕੁਈਨਜ਼ਲੈਡ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਸਿਲੇਬਸ ’ਚ ਪੱਕਾ ਕਰਨ ਲਈ ਸੰਸਥਾ ਵੱਲੋਂ ਕੋਸ਼ਿਸ਼ਾਂ ਹੋਰ ਤੇਜ਼ ਕਰਨ ਦੀ ਵਚਨਬੱਧਤਾ ਦੁਹਰਾਈ। ਗੀਤਕਾਰ ਨਿਰਮਲ ਸਿੰਘ ਦਿਓਲ ਨੇ ਕਿਹਾ ਕਿ ਚੰਗੀ ਕਵਿਤਾ ਹਮੇਸ਼ਾਂ ਸਰਾਹੀ ਜਾਂਦੀ ਹੈ। ਇਕਬਾਲ ਸਿੰਘ ਧਾਮੀ ਨੇ ਕਵਿਤਾ ‘ਚਿਖਾ ਬੋਲੀ’ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਸੰਸਥਾ ਦੇ ਪ੍ਰਧਾਨ ਦਲਜੀਤ ਸਿੰਘ ਨੇ ਮਨੁੱਖੀ ਜ਼ਿੰਦਗੀ ’ਚ ਲਗਾਤਾਰ ‘ਸਿੱਖਦੇ ਰਹਿਣ’ ਦੇ ਵਰਤਾਰੇ ਦਾ ਮਹੱਤਵ ਦੱਸਿਆ। ਇਸ ਦੌਰਾਨ ਸਕੱਤਰ ਪਰਮਿੰਦਰ ਸਿੰਘ ਨੇ ਗੀਤ ਅਤੇ ਦਿਨੇਸ਼ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਮਾਜਿਕ ਤਾਣੇ-ਬਾਣੇ ਨੂੰ ਬਾਖੂਬੀ ਬਿਆਨਿਆ। ਹਰਜੀਤ ਸਿੰਘ ਨੇ ਵਿਦੇਸ਼ਾਂ ਵਿੱਚ ਸਾਹਿਤਕ ਸਮਾਗਮਾਂ ਦੇ ਵਿਸ਼ਿਆਂ ’ਚ ਹੋ ਸਕਦੇ ਹੋਰ ਸੁਧਾਰਾਂ ਅਤੇ ਪੰਜਾਬੀ ਪੱਤਰਕਾਰੀ ਬਾਰੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਵਿਦੇਸ਼ਾਂ ਵਿੱਚ ਪੰਜਾਬੀ ਪੱਤਰਕਾਰੀ ’ਚ ਆ ਰਹੀ ਗਿਰਾਵਟ ਬਾਰੇ ਵੀ ਚਿੰਤਾ ਜਤਾਈ।