ਬਰਲਿਨ, 12 ਮਈ
ਜਰਮਨੀ ਦੇ ਵਾਤਾਵਰਨ ਮੰਤਰੀ ਨੇ ਕਿਹਾ ਹੈ ਕਿ ਨਵੀਆਂ ਜਲਵਾਯੂ ਚੁਣੌਤੀਆਂ ਨਾਲ ਨਜਿੱਠਣ ਲਈ ਸਰਕਾਰ ਵਾਧੂ ਖ਼ਰਚ ਕਰਨ ਉਤੇ ਵਿਚਾਰ ਕਰ ਰਹੀ ਹੈ। ਅਗਲੇ ਦਹਾਕੇ ਲਈ ਜਰਮਨੀ ਦੀ ਸਰਕਾਰ ਨੇ ਟੀਚੇ ਮਿੱਥੇ ਹਨ। ਸਰਕਾਰ ਨੇ 2030 ਤੱਕ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ 65 ਪ੍ਰਤੀਸ਼ਤ ਤੱਕ ਘਟਾਉਣ ਦਾ ਫ਼ੈਸਲਾ ਕੀਤਾ ਹੈ। ਸੰਨ 2045 ਤੱਕ ਨਿਕਾਸੀ ਨੂੰ ਸਿਫ਼ਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਚਾਂਸਲਰ ਏਂਜਲਾ ਮਰਕਲ ਦੀ ਪਾਰਟੀ ਦੇ ਮੈਂਬਰ ਆਂਦਰੀਅਸ ਜੰਗ ਨੇ ਦੱਸਿਆ ਕਿ ਅਗਲੇ ਸਾਲ ਤੋਂ ਕਾਰਬਨ ਉਤੇ ਉੱਚੀ ਦਰ ’ਤੇ ਟੈਕਸ ਲਾਉਣ ਦਾ ਬਦਲ ਵੀ ਵਿਚਾਰਿਆ ਜਾ ਰਿਹਾ ਹੈ। ਜਰਮਨੀ ਦੀ ਗ੍ਰੀਨਸ ਪਾਰਟੀ ਅਜਿਹੀ ਦਰ ਚਾਹੁੰਦੀ ਹੈ ਜਿਸ ਨਾਲ ਨਵਿਆਉਣਯੋਗ ਊਰਜਾ ਉਤਪਾਦਨ ਦੁੱਗਣਾ ਕੀਤਾ ਜਾ ਸਕੇ। -ਏਪੀ