ਵੀਏਨਾ, 28 ਫਰਵਰੀ
ਜਰਮਨੀ ਨੇ ਦੁਨੀਆ ਨੂੰ ਹੈਰਾਨ ਕਰਦੇ ਹੋਏ, ਯੂਕਰੇਨ ਨੂੰ ਟੈਂਕ ਵਿਰੋਧੀ ਹਥਿਆਰ ਅਤੇ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਜੰਗ ਪ੍ਰਭਾਵਿਤ ਖੇਤਰ ਵਿਚ ਹਥਿਆਰਾਂ ਦੀ ਬਰਾਮਦ ਨਾ ਕਰਨ ਦੀ ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਚਲੀ ਆ ਰਹੀ ਆਪਣੀ ਵਿਦੇਸ਼ ਨੀਤੀ ਵਿਚ ਇਤਿਹਾਸਕ ਬਦਲਾਅ ਕਰਨ ਦਾ ਸੰਕੇਤ ਦਿੱਤਾ ਹੈ। ਇਸ ਦੇ ਨਾਲ ਹੀ ਜਰਮਨੀ ਨੇ ਆਪਣੇ ਫ਼ੌਜੀ ਬਲਾਂ ਲਈ 100 ਅਰਬ ਯੂਰੋ ਦਾ ਵਿਸ਼ੇਸ਼ ਫੰਡ ਕਾਇਮ ਕਰਨ ਅਤੇ ਰੱਖਿਆ ਖੇਤਰ ’ਤੇ ਖਰਚਾ ਵਧਾ ਕੇ ਜੀਡੀਪੀ ਦਾ 2 ਫ਼ੀਸਦ ਤੋਂ ਵੱਧ ਕਰਨ ਦਾ ਐਲਾਨ ਵੀ ਕੀਤਾ। ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਨੇ ਐਤਵਾਰ ਨੂੰ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿਚ ਦਿੱਤੇ ਭਾਸ਼ਣ ਵਿਚ ਕਿਹਾ, ‘‘ਇਹ ਨਵੀਂ ਹਕੀਕਤ ਹੈ।’’ ਉਨ੍ਹਾਂ ਕਿਹਾ ਕਿ ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਜਰਮਨੀ ਵੱਲੋਂ ਪਹਿਲਾਂ ਦੇ ਮੁਕਾਬਲੇ ਵੱਖਰੀ ਪ੍ਰਤੀਕਿਰਿਆ ਦੀ ਲੋੜ ਹੈ। ਸ਼ੁਲਜ਼ ਨੇ ਜਰਮਨੀ ਦੀ ਸੰਸਦ ਵਿਚ ਕਿਹਾ, ‘‘ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਪਿਛਲੇ ਵੀਰਵਾਰ ਨੂੰ ਯੂਕਰੇਨ ’ਤੇ ਕੀਤੇ ਗਏ ਹਮਲੇ ਨੇ ਨਵੀਂ ਹਕੀਕਤ ਪੈਦਾ ਕਰ ਦਿੱਤੀ ਹੈ..ਅਤੇ ਇਹ ਹਕੀਕਤ ਸਪੱਸ਼ਟ ਜਵਾਬ ਦੀ ਮੰਗ ਕਰਦੀ ਹੈ, ਅਸੀਂ ਇਕ ਜਵਾਬ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਜਰਮਨੀ ਯੂਕਰੇਨ ਨੂੰ ਟੈਂਕ ਵਿਰੋਧੀ ਹਥਿਆਰ ਅਤੇ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਭੇਜ ਰਿਹਾ ਹੈ। ਜਰਮਨੀ ਦੇ ਚਾਂਸਲਰ ਨੇ ਕਿਹਾ ਕਿ ਜਰਮਨੀ ਆਪਣੇ ਫ਼ੌਜੀ ਬਲਾਂ ਲਈ 100 ਅਰਬ ਯੂਰੋ ਦਾ ਵਿਸ਼ੇਸ਼ ਫੰਡ ਕਾਇਮ ਕਰਨ ਲਈ ਵਚਨਬੱਧ ਹੈ ਅਤੇ ਉਹ ਰੱਖਿਆ ’ਤੇ ਖਰਚਾ ਵਧਾ ਕੇ ਜੀਡੀਪੀ ਦਾ 2 ਫ਼ੀਸਦ ਤੋਂ ਵੱਧ ਕਰੇਗਾ। -ਏਪੀ