ਸੰਯੁਕਤ ਰਾਸ਼ਟਰ, 2 ਅਕਤੂਬਰ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਭਾਈਚਾਰੇ ਨੂੰ ਮਹਾਤਮਾ ਗਾਂਧੀ ਦੇ ਸ਼ਾਂਤੀ ਦੇ ਸੁਨੇਹਿਆਂ ਨੂੰ ਯਾਦ ਰੱਖਣ ਦੀ ਅਪੀਲ ਕੀਤੀ ਤੇ ਕਿਹਾ ਕਿ ਦੁਨੀਆ ਭਰ ਦੇ ਲੜਾਕਿਆਂ ਨੂੰ ਆਪਣੇ ਹਥਿਆਰ ਸੁੱਟ ਦੇਣੇ ਚਾਹੀਦੇ ਹਨ ਤੇ ਮਨੁੱਖਤਾ ਦੀ ਦੁਸ਼ਮਣ ਕਰੋਨਾ ਮਹਾਮਾਰੀ ਨੂੰ ਹਰਾਉਣ ਉਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਗੁਟੇਰੇਜ਼ ਨੇ ਦੋ ਅਕਤੂਬਰ ਨੂੰ ਕੌਮਾਂਤਰੀ ਅਹਿੰਸਾ ਦਿਵਸ ਮੌਕੇ ਕਿਹਾ ‘ਇਹ ਸੰਯੋਗ ਨਹੀਂ ਹੈ ਕਿ ਅਸੀਂ ਮਹਾਤਮਾ ਗਾਂਧੀ ਦੇ ਜਨਮ ਦਿਨ ਉਤੇ ਅਹਿੰਸਾ ਦਿਵਸ ਮਨਾਉਂਦੇ ਹਾਂ। ਗਾਂਧੀ ਲਈ ਅਹਿੰਸਾ, ਸ਼ਾਂਤੀਪੂਰਨ ਪ੍ਰਦਰਸ਼ਨ, ਇੱਜ਼ਤ ਤੇ ਸਮਾਨਤਾ ਮਹਿਜ਼ ਸ਼ਬਦ ਨਹੀਂ ਸਨ ਬਲਕਿ ਮਨੁੱਖਤਾ ਦੇ ਮਾਰਗਦਰਸ਼ਕ ਸਨ, ਬਿਹਤਰ ਭਵਿੱਖ ਦਾ ਖਾਕਾ ਸਨ।’ ਉਨ੍ਹਾਂ ਕਿਹਾ ਕਿ ਇਹ ਅੱਜ ਦੇ ਸੰਕਟ ਦੇ ਸਮੇਂ ਵਿਚ ਵੀ ਸਮੱਸਿਆਵਾਂ ਤੋਂ ਪਾਰ ਪਾਉਣ ਦਾ ਰਾਹ ਦਿਖਾਉਂਦੇ ਹਨ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ‘ਦੁਨੀਆ ਭਰ ਵਿਚ ਸੰਘਰਸ਼ ਤੇ ਜਲਵਾਯੂ ਤਬਦੀਲੀ, ਗਰੀਬੀ ਤੇ ਨਾ-ਬਰਾਬਰੀ, ਬੇਯਕੀਨੀ ਤੇ ਵੰਡ। ਇਹ ਸਭ ਕੁਝ ਮਹਾਮਾਰੀ ਦੇ ਪਰਛਾਵੇਂ ਵਿਚ ਵਾਪਰ ਰਿਹਾ ਹੈ। ਇਹ ਲੋਕਾਂ ਤੇ ਅਰਥਵਿਵਸਥਾ ਨੂੰ ਬਰਾਬਰ ਤਬਾਹ ਕਰ ਰਿਹਾ ਹੈ।’ ਗੁਟੇਰੇਜ਼ ਨੇ ਕਿਹਾ ਕਿ ਇਸ ਸਾਲ ਕੌਮਾਂਤਰੀ ਅਹਿੰਸਾ ਦਿਵਸ ਦੇ ਮੌਕੇ ਸਾਨੂੰ ਸਾਰਿਆਂ ਨੂੰ ਇਕ ਬਿਹਤਰ ਤੇ ਵਧੇਰੇ ਸ਼ਾਂਤੀਪੂਰਨ ਭਵਿੱਖ ਦੇ ਨਿਰਮਾਣ ਲਈ ਯਤਨ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ। -ਪੀਟੀਆਈ