ਵਾਸ਼ਿੰਗਟਨ, 3 ਅਕਤੂਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਦਾ ਅਹਿੰਸਾ, ਸਨਮਾਨ ਅਤੇ ਅਸਹਿਣਸ਼ੀਲਤਾ ਦਾ ਸੁਨੇਹਾ ਅੱਜ ਜਿੰਨਾ ਅਹਿਮੀਅਤ ਰਖਦਾ ਹੈ, ਓਨਾ ਸ਼ਾਇਦ ਪਹਿਲਾਂ ਕਦੇ ਨਹੀਂ ਰਿਹਾ ਹੋਵੇਗਾ। ਸ਼ਾਂਤੀ ਦੇ ਦੂਤ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 152ਵੀਂ ਜੈਅੰਤੀ ਮੌਕੇ ਅਮਰੀਕਾ ਦੇ ਵੱਖ ਵੱਖ ਹਿੱਸਿਆਂ ’ਚ ਸ਼ਰਧਾਂਜਲੀ ਦਿੱਤੀ ਗਈ। ਬਲਿੰਕਨ ਨੇ ਸ਼ਨਿਚਰਵਾਰ ਨੂੰ ਟਵੀਟ ਕਰਕੇ ਕਿਹਾ,‘‘ਅਸੀਂ ਭਾਰਤ ਅਤੇ ਦੁਨੀਆ ਭਰ ’ਚ ਆਪਣੇ ਦੋਸਤਾਂ ਨਾਲ ਮਿਲ ਕੇ ਮਹਾਤਮਾ ਗਾਂਧੀ ਦੀ ਜੈਅੰਤੀ ਮਨਾਈ।’’ ਉਨ੍ਹਾਂ ਇਕ ਹਫ਼ਤੇ ਪਹਿਲਾਂ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੀਤੀ ਗਈਆਂ ਟਿੱਪਣੀਆਂ ਨੂੰ ਚੇਤੇ ਕੀਤਾ। ਅਮਰੀਕਾ ’ਚ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਵਾਸ਼ਿੰਗਟਨ ’ਚ ਗਾਂਧੀ ਦੀ ਯਾਦਗਾਰ ’ਤੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਟਵੀਟ ਕੀਤਾ,‘‘ਗਾਂਧੀ ਜੀ ਦਾ ਜੀਵਨ ਅਤੇ ਵਿਰਾਸਤ, ਭਾਰਤ-ਅਮਰੀਕਾ ਤੇ ਦੁਨੀਆ ਭਰ ’ਚ ਪੀੜ੍ਹੀਆਂ ਨੂੰ ਪ੍ਰਭਾਵਿਤ ਤੇ ਪ੍ਰੇਰਿਤ ਕਰਦੇ ਰਹਿਣਗੇ।’’ ਇਸ ਹਫ਼ਤੇ ਦੇ ਸ਼ੁਰੂ ’ਚ ਹਾਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਾਂਧੀ ਦੇ ਬੁੱਤ ’ਤੇ ਸ਼ਰਧਾਂਜਲੀਆਂ ਦਿੱਤੀਆਂ ਸਨ। ਹਾਵਰਡ ਯੂਨੀਵਰਸਿਟੀ ਦੇ ਬੰਚ ਇੰਟਰਨੈਸ਼ਨਲ ਸੈਂਟਰ ਨੇ ਕਿਹਾ,‘‘ਉਸ ਵਿਅਕਤੀ ਨੂੰ ਜਨਮਦਿਨ ਦੀ ਵਧਾਈ ਜਿਨ੍ਹਾਂ ਸਾਨੂੰ ਸਿਖਾਇਆ ਕਿ ਹਲੀਮੀ ਨਾਲ ਵੀ ਤੁਸੀਂ ਦੁਨੀਆ ਨੂੰ ਹਿਲਾ ਸਕਦੇ ਹੋ।’’ ਭਾਰਤੀ-ਅਮਰੀਕੀ ਕਾਂਗਰਸ ਦੇ ਮੈਂਬਰ ਰੋ ਖੰਨਾ ਨੇ ਕਿਹਾ ਕਿ ਵੱਡੇ ਅਤੇ ਛੋਟੇ ਤਰੀਕੇ ਲੱਭ ਕੇ ਗਾਂਧੀ ਦੀ ਬਹੁਲਵਾਦ ਅਤੇ ਸ਼ਾਂਤੀ ਦੇ ਸੁਨੇਹੇ ਨੂੰ ਅਪਣਾ ਕੇ ਉਨ੍ਹਾਂ ਨੂੰ ਸਨਮਾਨ ਦੇ ਸਕਦੇ ਹਾਂ। ਮਹਾਤਮਾ ਗਾਂਧੀ ਨੇ ਕਦੇ ਵੀ ਅਮਰੀਕਾ ਦੀ ਯਾਤਰਾ ਨਹੀਂ ਕੀਤੀ ਪਰ ਸ਼ਾਇਦ ਉਹੋ ਇਕੋ ਮੁਲਕ ਹੈ ਜਿਥੇ ਭਾਰਤ ਦੇ ਰਾਸ਼ਟਰਪਿਤਾ ਦੇ ਸਭ ਤੋਂ ਵੱਧ ਬੁੱਤ ਹਨ। -ਪੀਟੀਆਈ
ਲੰਡਨ ’ਚ ਭਜਨਾਂ ਅਤੇ ਸ਼ਾਂਤੀ ਮਾਰਚ ਨਾਲ ਮਨਾਈ ਗਈ ਗਾਂਧੀ ਜੈਅੰਤੀ
ਲੰਡਨ: ਇੰਗਲੈਂਡ ’ਚ ਗਾਂਧੀ ਜੈਅੰਤੀ ਮੌਕੇ ਕਈ ਪ੍ਰੋਗਰਾਮ ਹੋਏ। ਭਾਰਤੀ ਹਾਈ ਕਮਿਸ਼ਨਰ ਗਾਇਤਰੀ ਇੱਸਰ ਕੁਮਾਰ ਦੀ ਅਗਵਾਈ ਹੇਠ ਲੰਡਨ ’ਚ ਪਾਰਲੀਮੈਂਟ ਸਕੁਏਅਰ ’ਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਰਾਸ਼ਟਰਪਿਤਾ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਚਰਚਾਵਾਂ ਅਤੇ ਭਜਨਾਂ ਦੇ ਪ੍ਰੋਗਰਾਮ ਵੀ ਕਰਵਾਏ ਗਏ। ਡਿਪਟੀ ਹਾਈ ਕਮਿਸ਼ਨਰ ਸੁਜੀਤ ਘੋਸ਼ ਨੇ ਟਾਵੀਸਟੋਕ ਸਕੁਏਅਰ ਗਾਰਡਨ ’ਚ ਕੈਮਡੇਨ ਦੀ ਮੇਅਰ ਸਬਰੀਨਾ ਫਰਾਂਸਿਸ ਦਾ ਸਵਾਗਤ ਕੀਤਾ ਜਿਥੇ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਭਾਰਤੀ ਵਿਦਿਆ ਭਵਨ ਅਤੇ ਸਰਗਮ ਕਲਚਰਲ ਇੰਸਟੀਚਿਊਟ ਨੇ ਮਹਾਤਮਾ ਗਾਂਧੀ ਦੇ ਪਸੰਦੀਦਾ ਭਜਨਾਂ ਦੇ ਗਾਇਨ ਦਾ ਪ੍ਰੋਗਰਾਮ ਕਰਵਾਇਆ। ਇਸ ਮਗਰੋਂ ਗੀਤਾ ਫਾਊਂਡੇਸ਼ਨ ਅਤੇ ਪਾਟੀਦਾਰ ਸਮਾਜ ਨੇ ਸ਼ਾਂਤੀ ਮਾਰਚ ਕੱਢਿਆ। ਭਾਰਤੀ ਹਾਈ ਕਮਿਸ਼ਨਰ ਨੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਨਾਲ ਸਬੰਧਤ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਨਹਿਰੂ ਸੈਂਟਰ ’ਚ ਫਿਲਮਸਾਜ਼ ਰਾਜੂ ਹੀਰਾਨੀ ਨਾਲ ਮਿਲ ਕੇ ‘ਗਾਂਧੀਗਿਰੀ’ ਦੀ ਧਾਰਨਾ ਬਾਰੇ ਵਾਰਤਾ ਕਰਵਾਈ ਗਈ। -ਪੀਟੀਆਈ