ਲੰਡਨ, 26 ਜੂਨ
ਰੂਸ ਤੋਂ ਆਉਣ ਵਾਲੇ ਸੋਨੇ ਨੂੰ ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਜਾਪਾਨ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਰਮਨੀ ’ਚ ਚੱਲ ਰਹੇ ਜੀ-7 ਸਿਖਰ ਸੰਮੇਲਨ ਦੌਰਾਨ ਯੂਕਰੇਨ ’ਚ ਜੰਗ ਥੋਪਣ ਲਈ ਰੂਸ ਖ਼ਿਲਾਫ਼ ਹੋਰ ਨਵੀਆਂ ਸਖ਼ਤ ਪਾਬੰਦੀਆਂ ’ਤੇ ਸਹਿਮਤੀ ਬਣੀ ਹੈ। ਸਾਲ 2021 ਦੌਰਾਨ ਰੂਸ ਨੇ 12.6 ਅਰਬ ਪੌਂਡ ਸੋਨੇ ਦੀ ਬਰਾਮਦਗੀ ਕੀਤੀ ਸੀ। ਪਿਛਲੇ ਕੁਝ ਮਹੀਨਿਆਂ ’ਚ ਰੂਸੀ ਕਾਰੋਬਾਰੀਆਂ ਨੇ ਇਸ ਦੀ ਖ਼ਰੀਦਦਾਰੀ ਵਧਾ ਦਿੱਤੀ ਸੀ ਤਾਂ ਜੋ ਪੱਛਮੀ ਮੁਲਕਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਵਿੱਤੀ ਅਸਰ ਤੋਂ ਬਚਿਆ ਜਾ ਸਕੇ। ਬਾਵਾਰੀਆ ’ਚ ਸਿਖਰ ਸੰਮੇਲਨ ਲਈ ਪਹੁੰਚੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ,‘‘ਜੀ-7 ਮੁਲਕਾਂ ਵੱਲੋਂ ਅੱਜ ਐਲਾਨੇ ਗਏ ਕਦਮਾਂ ਦਾ ਸਿੱਧੇ ਤੌਰ ’ਤੇ ਰੂਸੀ ਕਾਰੋਬਾਰੀਆਂ ਅਤੇ ਪੂਤਿਨ ਵੱਲੋਂ ਛੇੜੀ ਜੰਗ ’ਤੇ ਅਸਰ ਪਵੇਗਾ। ਪੂਤਿਨ ਜੰਗ ’ਚ ਆਪਣੇ ਸਰੋਤਾਂ ਦੀ ਵਰਤੋਂ ਕਰ ਰਿਹਾ ਹੈ। ਉਹ ਯੂਕਰੇਨੀ ਅਤੇ ਰੂਸੀ ਲੋਕਾਂ ਦੀ ਇਵਜ਼ ’ਚ ਆਪਣੀ ਹਊਮੈ ਨੂੰ ਸ਼ਾਂਤ ਕਰ ਰਿਹਾ ਹੈ। ਸਾਨੂੰ ਪੂਤਿਨ ਸਰਕਾਰ ਦੇ ਫੰਡਾਂ ’ਤੇ ਲਗਾਮ ਲਗਾਉਣੀ ਪਵੇਗੀ। ਯੂਕੇ ਅਤੇ ਸਾਡੇ ਹੋਰ ਭਾਈਵਾਲ ਹੁਣ ਇਹੋ ਕਰ ਰਹੇ ਹਨ।’’ ਯੂਕੇ ਦੇ ਚਾਂਸਲਰ ਰਿਸ਼ੀ ਸੂਨਕ ਨੇ ਕਿਹਾ ਕਿ ਰੂਸੀ ਸੋਨੇ ਦੀ ਦਰਾਮਦ ’ਤੇ ਪਾਬੰਦੀ ਲਈ ਉਨ੍ਹਾਂ ਦੇ ਮੁਲਕ ਨੇ ਅਮਰੀਕਾ, ਕੈਨੇਡਾ ਅਤੇ ਜਾਪਾਨ ਨਾਲ ਹੱਥ ਮਿਲਾਏ ਹਨ। ਜੀ-7 ਸਿਖਰ ਸੰਮੇਲਨ ’ਚ ਇੰਗਲੈਂਡ ਵੱਲੋਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰੂਸ ਨੂੰ ਕੌਮਾਂਤਰੀ ਵਿੱਤੀ ਪ੍ਰਣਾਲੀ ’ਚੋਂ ਅਲੱਗ-ਥਲੱਗ ਕਰ ਦਿੱਤਾ ਜਾਵੇ। -ਪੀਟੀਆਈ