ਇਸਲਾਮਾਬਾਦ, 21 ਅਗਸਤ
ਪਾਕਿਸਤਾਨ ’ਚ ਪਿਛਲੇ 24 ਘੰਟਿਆਂ ਦੌਰਾਨ ਮੋਹਲੇਧਾਰ ਮੀਂਹ ਕਾਰਨ 36 ਵਿਅਕਤੀ ਮਾਰੇ ਗਏ ਅਤੇ 145 ਹੋਰ ਜ਼ਖ਼ਮੀ ਹੋ ਗਏ। ਖ਼ਬਰ ਏਜੰਸੀ ਸਿਨਹੁਆ ਨੇ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਵੱਲੋਂ ਜਾਰੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਮ੍ਰਿਤਕਾਂ ’ਚ ਸੱਤ ਬੱਚੇ ਅਤੇ ਪੰਜ ਮਹਿਲਾਵਾਂ ਸ਼ਾਮਲ ਹਨ। ਸਿੰਧ ਸੂਬੇ ’ਤੇ ਸਭ ਤੋਂ ਵਧ ਕੁਦਰਤ ਦਾ ਕਹਿਰ ਟੁੱਟਿਆ ਹੈ। ਉਥੇ 18 ਵਿਅਕਤੀ ਮਾਰੇ ਗਏ ਅਤੇ 128 ਹੋਰ ਜ਼ਖ਼ਮੀ ਹੋ ਗਏ ਹਨ। ਮੀਂਹ ਕਾਰਨ ਖ਼ੈਬਰ ਪਖ਼ਤੂਨਖਵਾ ਸੂਬੇ ’ਚ 11 ਅਤੇ ਪੂਰਬੀ ਪੰਜਾਬ ’ਚ ਸੱਤ ਮੌਤਾਂ ਹੋਈਆਂ ਹਨ। ਸਿੰਧ ਦੀ ਰਾਜਧਾਨੀ ਕਰਾਚੀ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਫ਼ੌਜ ਪਹੁੰਚ ਚੁੱਕੀ ਹੈ ਅਤੇ ਉਹ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੀ ਹੈ। ਫ਼ੌਜ ਵੱਲੋਂ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਕਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ 27,870 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਿਨ੍ਹਾਂ ’ਚੋਂ 10,860 ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ ਹਨ। ਐੱਨਡੀਐੱਮਏ ਨੇ ਕਿਹਾ ਕਿ ਪਾਕਿਸਤਾਨ ’ਚ ਇਸ ਵਾਰ ਮੌਨਸੂਨ ਦੌਰਾਨ 728 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ’ਚੋਂ 156 ਮਹਿਲਾਵਾਂ ਅਤੇ 263 ਬੱਚੇ ਸ਼ਾਮਲ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵੱਲੋਂ ਵੀ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। -ਆਈਏਐਨਐਸ
ਅਫ਼ਗਾਨਿਸਤਾਨ ਵਿੱਚ ਹੜ੍ਹ ਕਾਰਨ ਨੌਂ ਮੌਤਾਂ
ਇਸਲਾਮਾਬਾਦ: ਅਫ਼ਗਾਨਿਸਤਾਨ ਦੇ ਪੂਰਬੀ ਖ਼ਿੱਤੇ ’ਚ ਮੋਹਲੇਧਾਰ ਮੀਂਹ ਮਗਰੋਂ ਆਏ ਹੜ੍ਹ ਕਾਰਨ 9 ਵਿਅਕਤੀ ਮਾਰੇ ਗਏ। ਹੜ੍ਹ ’ਚ ਕਈ ਘਰ ਰੁੜ੍ਹ ਗਏ ਅਤੇ ਪਸ਼ੂਆਂ ਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਦੱਖਣੀ ਸੂਬੇ ਲੋਗਾਰ ਦੇ ਖੁਸ਼ੀ ਜ਼ਿਲ੍ਹੇ ’ਚ ਹੜ੍ਹ ਨੇ ਬਹੁਤ ਤਬਾਹੀ ਮਚਾਈ ਹੈ। ਲੋਗਾਰ ਸੂਬੇ ਦੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰਾਲੇ ਦੇ ਮੁਖੀ ਅਬਦੁੱਲਾ ਮੁਫ਼ਾਕਰ ਨੇ ਕਿਹਾ ਕਿ ਪਾਣੀ ਚੜ੍ਹਨ ਨਾਲ ਅਜੇ ਨੌਂ ਮੌਤਾਂ ਦਾ ਪਤਾ ਲੱਗਾ ਹੈ ਪਰ ਇਹ ਗਿਣਤੀ ਹੋਰ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਟੀਮਾਂ ਮੌਕੇ ’ਤੇ ਗਈਆਂ ਹੋਈਆਂ ਹਨ। ਪਿੰਡ ਦੇ ਇਕ ਬਜ਼ੁਰਗ ਡੇਲ ਆਗਾ ਨੇ ਕਿਹਾ ਕਿ ਪਿੰਡ ਦੇ ਇਤਿਹਾਸ ’ਚ ਪਹਿਲੀ ਵਾਰੀ ਇੰਨੇ ਭਿਆਨਕ ਹੜ੍ਹ ਦੇਖਣ ਨੂੰ ਮਿਲੇ ਹਨ। -ਏਪੀ