ਕੇਪ ਕੈਨਵਰਲ, 29 ਅਗਸਤ
ਚੰਦਰਮਾ ਲਈ ਉਡਾਣ ਭਰਨ ਵਾਲੇ ਨਾਸਾ ਦੇ ਨਵੇਂ ਰਾਕੇਟ ਦਾ ਲਾਂਚ ਮੁਲਤਵੀ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸ ਦੇ ਆਖ਼ਰੀ ‘ਲਿਫਟਆਫ਼’ ਤੋਂ ਪਹਿਲਾਂ ਈਂਧਣ ਲੀਕ ਹੋਣ ਦੀ ਸੂਚਨਾ ਹੈ। ਰਾਕੇਟ ਦੀ ਟੈਸਟ ਫਲਾਈਟ ’ਚ ਤਿੰਨ ‘ਡੰਮੀ’ ਸਵਾਰ ਹਨ। ਨਾਸਾ ਨੇ ਸਪੇਸ ਲਾਂਚ ਰਾਕੇਟ ਸਿਸਟਮ ਵਿਚ ਕਰੀਬ ਦਸ ਲੱਖ ਗੈਲਨ ਠੰਢੀ ਹਾਈਡ੍ਰੋਜਨ ਤੇ ਆਕਸੀਜਨ ਭਰਨੀ ਸ਼ੁਰੂ ਕੀਤੀ ਸੀ। ਇਸ ਨੂੰ ਲੀਕ ਬਾਰੇ ਪਤਾ ਲੱਗਣ ’ਤੇ ਰੋਕ ਦਿੱਤਾ ਗਿਆ। ਫਲੋਰਿਡਾ ਦੇ ਕੈਨੇਡੀ ਪੁਲਾੜ ਕੇਂਦਰ ਨੇੜੇ ਤੂਫ਼ਾਨ ਆਉਣ ਕਾਰਨ ਪਹਿਲਾਂ ਹੀ ਈਂਧਣ ਭਰਨ ਵਿਚ ਦੇਰੀ ਹੋ ਚੁੱਕੀ ਹੈ। ਜਿਸ ਥਾਂ ਤੋਂ ਹਾਈਡ੍ਰੋਜਨ ਲੀਕ ਹੋਈ ਹੈ, ਉੱਥੋਂ ਪਹਿਲਾਂ ਵੀ ਇਕ ਅਭਿਆਸ ਦੌਰਾਨ ਗੈਸ ਲੀਕ ਹੋਈ ਸੀ। ਨਾਸਾ ਦੇ ਅਧਿਕਾਰੀਆਂ ਨੇ ਸਵੇਰੇ ਰਾਕੇਟ ਦਾ ਜਾਇਜ਼ਾ ਲਿਆ ਸੀ ਜਿਸ ਦੌਰਾਨ ਲੀਕ ਸਾਹਮਣੇ ਆਇਆ। ਸੰਤਰੀ ਰੰਗ ਦੇ ਵੱਡੇ ਈਂਧਣ ਟੈਂਕ ਨਾਲ ਚਾਰ ਮੁੱਖ ਇੰਜਣ ਜੁੜੇ ਹੋਏ ਹਨ। ਰਾਕੇਟ ਲਾਂਚ ਹੋਣ ਤੋਂ ਬਾਅਦ ਕਰਿਊ ਕੈਪਸੂਲ ਨੂੰ ਚੰਦ ਦੁਆਲੇ ਪੰਧ ਉਤੇ ਪਾਵੇਗਾ। ਨਾਸਾ ਦੇ ਸਹਾਇਕ ਲਾਂਚ ਡਾਇਰੈਕਟਰ ਜੈਰੇਮੀ ਗਰੈਬਰ ਨੇ ਕਿਹਾ ਕਿ ਲੀਕ ਠੀਕ ਕਰਨ ਲਈ ਯਤਨ ਹੋ ਰਹੇ ਹਨ ਤੇ ਲਾਂਚ ਲਈ ਅੱਗੇ ਵਧਣ ਬਾਰੇ ਫ਼ੈਸਲਾ ਹਾਲੇ ਨਹੀਂ ਲਿਆ ਗਿਆ। -ਏਪੀ