ਕੋਲੰਬੋ, 21 ਜੂਨ
ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੇ ਪੈਟਰੋਲੀਅਮ ਪਦਾਰਥਾਂ ਦੀ ਘਾਟ ਦੇ ਮੱਦੇਨਜ਼ਰ ਦੇਸ਼ ਦੀ ਸੰਸਦ ਦਾ ਸੈਸ਼ਨ ਇਸ ਹਫ਼ਤੇ ਚਾਰ ਦਿਨਾਂ ਦੀ ਬਜਾਏ ਦੋ ਦਿਨ ਦਾ ਕਰ ਦਿੱਤਾ ਹੈ। ਸੰਸਦੀ ਆਗੂ ਦਿਨੇਸ਼ ਗੁਨਵਰਦਨਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਟਾਪੂਨੁਮਾ ਇਹ ਦੇਸ਼ 70 ਸਾਲਾ ਤੋਂ ਵੱਧ ਸਮੇਂ ਵਿੱਚ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਸਿੱਟੇ ਵਜੋਂ ਦੇਸ਼ ਵਿੱਚ ਪੈਟਰੋਲੀਅਮ ਪਦਾਰਥਾਂ, ਖ਼ੁਰਾਕੀ ਵਸਤਾਂ ਅਤੇ ਦਵਾਈਆਂ ਦੀ ਘਾਟ ਪੈਦਾ ਹੋ ਗਈ ਹੈ। ਗੁਨਵਰਦਨਾ ਨੇ ਦੱਸਿਆ, ‘‘ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਦੇ ਮੌਜੂਦਾ ਸੰਕਟ ਦੇ ਮੱਦੇਨਜ਼ਰ ਅਸੀਂ ਸੰਸਦੀ ਸੈਸ਼ਨ ਅੱਜ ਤੇ ਭਲਕੇ ਦੋ ਦਿਨ ਤੱਕ ਸੀਮਤ ਕਰਨ ਦਾ ਫ਼ੈਸਲਾ ਕੀਤਾ ਹੈ।’’ -ਪੀਟੀਆਈ