ਸਟੌਕਹੋਮ: ਜੀਨੋਮ ਵਿਚ ਸੋਧ ਦਾ ਤਰੀਕਾ ਵਿਕਸਿਤ ਕਰਨ ਵਾਲੇ ਫਰਾਂਸ ਦੇ ਵਿਗਿਆਨੀ ਇਮੈਨੁਐਲ ਸ਼ਾਪੋਂਟਿਏ ਅਤੇ ਅਮਰੀਕੀ ਵਿਗਿਆਨੀ ਜੈਨੀਫਰ ਏ. ਡੂਡਨਾ ਨੇ ਰਸਾਇਣ ਵਿਗਿਆਨ (ਕੈਮਿਸਟਰੀ) ਲਈ ਨੋਬੇਲ ਪੁਰਸਕਾਰ ਜਿੱਤਿਆ ਹੈ। ਇਸ ਤਰੀਕੇ ਦੀ ਵਰਤੋਂ ਕਰਕੇ ਇੱਕ ਦਿਨ ਜੈਨੇਟਿਕ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕੇਗਾ। ਇਸ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਅੱਜ ਸਟੌਕਹੋਮ ਵਿੱਚ ਦਿ ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਵਲੋਂ ਕੀਤਾ ਗਿਆ। ਕੈਮਿਸਟਰੀ ਲਈ ਨੋਬੇਲ ਕਮੇਟੀ ਦੇ ਚੇਅਰਮੈਨ ਕਲਾਇਸ ਗੁਸਤਾਫਸਨ ਨੇ ਕਿਹਾ, ‘‘ਇਸ ਜੈਨੇਟਿਕ ਤਰੀਕੇ ਵਿੱਚ ਬਹੁਤ ਸ਼ਕਤੀ ਹੈ, ਜਿਸ ਦਾ ਅਸਰ ਸਾਡੇ ਸਭਨਾਂ ’ਤੇ ਪੈਂਦਾ ਹੈ। ਇਸ ਨਾਲ ਨਾ ਕੇਵਲ ਮੁੱਢਲੇ ਵਿਗਿਆਨ ਵਿੱਚ ਕ੍ਰਾਂਤੀ ਆਈ ਹੈ ਬਲਕਿ ਫ਼ਸਲਾਂ ਦੇ ਨਵੇਂ ਢੰਗ-ਤਰੀਕੇ ਵਿਕਸਿਤ ਹੋਏ ਹਨ ਅਤੇ ਨਵੇਂ ਮੈਡੀਕਲ ਇਲਾਜਾਂ ਲਈ ਵੀ ਰਾਹ ਖੁੱਲ੍ਹੇਗਾ।’’ ਊਨ੍ਹਾਂ ਕਿਹਾ ਕਿ ਇਸ ਖੋਜ ਦੇ ਨਤੀਜੇ ਵਜੋਂ ਹੁਣ ‘ਜੈਨੇਟਿਕ ਨੁਕਸ’ ਠੀਕ ਕਰਨ ਲਈ ਕਿਸੇ ਵੀ ਜੀਨੋਮ ਵਿੱਚ ਸੋਧ ਕੀਤੀ ਜਾ ਸਕੇਗੀ।
-ਏਪੀ