ਨਵੀਂ ਦਿੱਲੀ, 9 ਅਕਤੂਬਰ
ਫਰਾਂਸ ਦੇ ਭਾਰਤ ਵਿਚ ਰਾਜਦੂਤ ਇਮੈਨੁਏਲ ਲੈਨੇਨ ਨੇ ਅੱਜ ਕਿਹਾ ਕਿ ਰੱਖਿਆ ਨਿਰਮਾਣ ਵਿਚ ਹੁਲਾਰੇ ਲਈ ਫਰਾਂਸ, ਭਾਰਤ ਦਾ ‘ਸਭ ਤੋਂ ਵਧੀਆ ਭਾਈਵਾਲ’ ਬਣਨਾ ਚਾਹੁੰਦਾ ਹੈ। ਲੈਨੇਨ ਨੇ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਵਧਦੇ ‘ਭਰੋਸੇ’ ਦੇ ਮੱਦੇਨਜ਼ਰ ਉਨ੍ਹਾਂ ਸਭ ਤੋਂ ਚੰਗੀ ਤਕਨੀਕ ਤੇ ਉਪਕਰਨ ਸਾਂਝੇ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਸੰਖੇਪ ਜਾਣਕਾਰੀ ਦਿੰਦਿਆਂ ਫਰਾਂਸ ਦੇ ਰਾਜਦੂਤ ਨੇ ਕਿਹਾ ਕਿ ਫਰਾਂਸੀਸੀ ਤੇ ਭਾਰਤੀ ਕੰਪਨੀਆਂ ‘ਭਵਿੱਖੀ ਉਪਕਰਨਾਂ, ਪਲੈਟਫਾਰਮਾਂ ਤੇ ਇੰਜਣਾਂ’ ਉਤੇ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਰਣਨੀਤਕ ਖ਼ੁਦਮੁਖਤਿਆਰੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ, ਆਪਣਾ ਸਨਅਤੀ ਆਧਾਰ ਤਿਆਰ ਕਰਨਾ ਚਾਹੁੰਦਾ ਹੈ, ਤੇ ਇਸ ਕਾਰਜ ਵਿਚ ਫਰਾਂਸ ਭਾਰਤ ਦਾ ਸਭ ਤੋਂ ਮੋਹਰੀ ਭਾਈਵਾਲ ਬਣਨ ਦਾ ਚਾਹਵਾਨ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਸਤੰਬਰ 2016 ਵਿਚ ਫਰਾਂਸ ਤੋਂ ਕਰੀਬ 59,000 ਕਰੋੜ ਰੁਪਏ ਦੇ ਸੌਦੇ ਤਹਿਤ 36 ਰਾਫਾਲ ਲੜਾਕੂ ਜਹਾਜ਼ ਖ਼ਰੀਦਣ ਦਾ ਫ਼ੈਸਲਾ ਕੀਤਾ ਸੀ। ਫਰਾਂਸੀਸੀ ਰਾਜਦੂਤ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਦਾ ਰੱਖਿਆ ਖੇਤਰ ਇਕ ਮਜ਼ਬੂਤ ਅਧਾਰ ਰਿਹਾ ਹੈ। ਇਸ ਦਾ ਕਾਰਨ ਦੋਵਾਂ ਮੁਲਕਾਂ ’ਚ ਆਪਸੀ ਭਰੋਸੇ ਦਾ ਹੋਣਾ ਹੈ। -ਪੀਟੀਆਈ