ਨਿਊ ਯਾਰਕ, 23 ਨਵੰਬਰ
ਵੱਕਾਰੀ ਰੋਡਸ ਸਕਾਲਰਸ਼ਿਪ ਲਈ ਅਮਰੀਕਾ ਵਿਚੋਂ ਚੁਣੇ ਗਏ 32 ਵਿਦਿਆਰਥੀਆਂ ’ਚੋਂ ਚਾਰ ਭਾਰਤੀ-ਅਮਰੀਕੀ ਹਨ। ਕੋਵਿਡ ਮਹਾਮਾਰੀ ਕਾਰਨ ਚੋਣ ਵਰਚੁਅਲ ਤੌਰ ’ਤੇ ਕੀਤੀ ਗਈ ਹੈ। ਆਕਸਫੋਰਡ ਯੂਨੀਵਰਸਿਟੀ, ਇੰਗਲੈਂਡ ਦੇ ਇਸ ਵਜ਼ੀਫ਼ੇ ਲਈ ਵਿਭਿੰਨਤਾ ਨੂੰ ਮੁੱਖ ਰੱਖਿਆ ਗਿਆ ਹੈ। ਕਈ ਆਵਾਸੀ ਤੇ ਵੱਖ-ਵੱਖ ਨਸਲਾਂ ਦੇ ਵਿਦਿਆਰਥੀ ਵਜ਼ੀਫ਼ਾ ਹਾਸਲ ਕਰਨ ਵਾਲਿਆਂ ਵਿਚ ਸ਼ਾਮਲ ਹਨ। ਰੋਡਸ ਟਰੱਸਟ ਦੇ ਅਮਰੀਕੀ ਸਕੱਤਰ ਮੁਤਾਬਕ 32 ਜਣੇ ਅਮਰੀਕਾ ਤੋਂ ਚੁਣੇ ਗਏ ਹਨ। ਚਾਰ ਭਾਰਤੀ-ਅਮਰੀਕੀਆਂ ਵਿਚ ਸਵਾਤੀ ਆਰ ਸ੍ਰੀਨਿਵਾਸਨ, ਵਿਜੈਸੁੰਦਰਮ ਰਾਮਾਸਵਾਮੀ, ਗਰਿਮਾ ਪੀ ਦੇਸਾਈ ਤੇ ਸਵਰਨੀ ਸਾਂਕਾ ਸ਼ਾਮਲ ਹਨ। ਓਹਾਇਓ ਦੀ ਸ੍ਰੀਨਿਵਾਸਨ ਹਾਰਵਰਡ ਕਾਲਜ ਵਿਚ ਸੀਨੀਅਰ ਵਿਦਿਆਰਥੀ ਹੈ। ਉਹ ਸਮਾਜਿਕ ਸਿੱਖਿਆ ਤੇ ਵਿਗਿਆਨ ਦਾ ਇਤਿਹਾਸ ਪੜ੍ਹ ਰਹੀ ਹੈ ਜੋ ਕਿ ਜਨਤਕ ਸਿਹਤ ਢਾਂਚੇ ਵਿਚ ਨਾ-ਬਰਾਬਰੀ ’ਤੇ ਕੇਂਦਰਿਤ ਹੈ। ਰਾਮਾਸਵਾਮੀ ਕਾਂਸਾਸ ਤੋਂ ਹੈ ਤੇ ਜੌਹਨ ਹੌਪਕਿਨਸ ’ਵਰਸਿਟੀ ਤੋਂ ਗ੍ਰੈਜੂਏਟ ਹੈ। -ਪੀਟੀਆਈ