ਸੰਯੁਕਤ ਰਾਸ਼ਟਰ, 23 ਫਰਵਰੀ
ਕੇਂਦਰੀ ਅਫਰੀਕੀ ਗਣਰਾਜ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਦੇ ਇੱਕ ਸੀਨੀਅਰ ਅਫਸਰ ਦੀ ਸੁਰੱਖਿਆ ਨਾਲ ਜੁੜੇ ਚਾਰ ਯੂਐੱਨ ਸਲਾਮਤੀ ਅਫਸਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੰਯੁਕਤ ਰਾਸ਼ਟਰ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਅੱਜ ਦੱਸਿਆ ਕਿ ਚਾਰਾਂ ਨੂੰ ਮਿਸ਼ਨ ਦੇ ਮਿਲਟਰੀ ਚੀਫ਼ ਆਫ ਸਟਾਫ਼ ਜਨਰਲ ਸਟੀਫਨ ਮਾਰਸ਼ੇਨੌਇਰ, ਜੋ ਫਰਾਂਸੀਸੀ ਹੈ, ਦੇ ਜਹਾਜ਼ ਵੱਲੋਂ ਬਾਂਗੁਈ ਤੋਂ ਉਡਾਣ ਭਰਨ ਮਗਰੋਂ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜੇ ਵੀ ਬਾਂਗੁਈ ਵਿੱਚ ਰੱਖਿਆ ਹੋਇਆ ਹੈ। ਦੁਜਾਰਿਕ ਨੇ ਕਿਹਾ ਕਿ ਉਨ੍ਹਾਂ ਦੀ ਜਲਦ ਤੋਂ ਜਲਦ ਰਿਹਾਈ ਲਈ ਮਿਸ਼ਨ ਦੇ ਡਿਪਟੀ ਚੀਫ਼ ਅਤੇ ਫੋਰਸ ਕਮਾਂਡਰ ਨੇ ਰਾਸ਼ਟਰਪਤੀ ਫੌਸਟਿਨ ਆਰਚੇਂਜ ਟੌਡੇਰਾ ਨਾਲ ਗੱਲਬਾਤ ਕੀਤੀ ਹੈ। ਦਿ ਵੁਆਇਸ ਆਫ਼ ਅਮਰੀਕਾ (ਵੀਓਏ) ਦੀ ਬਾਂਗੁਈ ਤੋਂ ਰਿਪੋਰਟ ਮੁਤਾਬਕ, ਚਾਰ ਯੂਐੱਨ ਸਲਾਮਤੀ ਅਫਸਰ ਫਰਾਂਸੀਸੀ ਸਿਪਾਹੀ ਸਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੇ ਝੂਠੀ ਅਫਵਾਹ ਫੈਲਾ ਦਿੱਤੀ ਹੈ ਕਿ ਫਰਾਂਸ ਨੇ ਕੇਂਦਰੀ ਅਫਰੀਕੀ ਗਣਰਾਜ ਦੇ ਰਾਸ਼ਟਰਪਤੀ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। -ਏਪੀ