ਕੋਲੰਬੋ, 16 ਮਈ
ਸ੍ਰੀਲੰਕਾ ਦੇ ਕਈ ਹਿੱਸਿਆਂ ’ਚ ਮੀਂਹ ਅਤੇ ਹੜ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ 11,500 ਹਜ਼ਾਰ ਤੋਂ ਵੱਧ ਹੋਰ ਲੋਕ ਪ੍ਰਭਾਵਿਤ ਹੋਏ ਹਨ। ਕੋਲੰਬੋ ਪੇਜ ਅਖ਼ਬਾਰ ਦੀ ਇੱਕ ਰਿਪੋਰਟ ’ਚ ਆਫ਼ਤ ਪ੍ਰਬੰਧਨ ਕੇਂਦਰ (ਡੀਐੱਮਸੀ) ਦੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਹੜ ਕਾਰਨ ਗਾਲੇ ਸ਼ਹਿਰ ਦੇ ਅਲੁੱਥਵੱਟਾ ਇਲਾਕੇ ’ਚ ਦੋ ਲੋਕਾਂ ਦੀ ਜਦਕਿ ਕੇਗਾਲੇ ਜ਼ਿਲ੍ਹੇ ’ਚ ਇੱਕ ਵਿਅਕਤੀ ਦੀ ਮੌਤ ਮਿੱਟੀ ਦੀ ਢਿੱਗ ਡਿੱਗਣ ਨਾਲ ਘਰ ਅੰਦਰ ਦਬ ਜਾਣ ਕਾਰਨ ਹੋਈ। ਵਰੀਆਪੋਲਾ ਜ਼ਿਲ੍ਹੇ ’ਚ ਇੱਕ ਹੋਰ ਵਿਅਕਤੀ ਦੀ ਮੌਤ ਹੜ ਦੇ ਪਾਣੀ ’ਚ ਡੁੱਬਣ ਕਾਰਨ ਹੋਈ। ਡੀਐੱਮਸੀ ਅਧਿਕਾਰੀਆਂ ਮੁਤਾਬਕ ਖਰਾਬ ਮੌਸਮ ਕਾਰਨ ਸੱਤ ਜ਼ਿਲ੍ਹਿਆਂ, ਗਾਲੇ, ਮਤਾਰਾ, ਕੁਰੁਨੇਗਾਲਾ, ਕੇਗਾਲੇ, ਗੰਪਾਹਾ, ਕੋਲੰਬੋ ਅਤੇ ਕਲੂਤਾਰਾ ਵਿੱਚ 2,750 ਪਰਿਵਾਰਾਂ ਨਾਲ ਸਬੰਧਤ 11,542 ਲੋਕ ਪ੍ਰਭਾਵਿਤ ਹੋਏ ਹਨ। ਰਿਪੋਰਟਾਂ ਮੁਤਾਬਕ ਜਲ ਸੈਨਾ ਵੱਲੋਂ ਬਚਾਅ ਕਾਰਜਾਂ ਲਈ 15 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। -ਏਜੰਸੀ