ਨਵੀਂ ਦਿੱਲੀ, 17 ਜੁਲਾਈ
ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਰਟਰ ’ਚ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਆਪੋ-ਆਪਣੀਆਂ ਪਾਰਟੀਆਂ ਤੇ ਮੁਲਕਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ। ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ ਸੈਂਟਰ) ਦੇ ਪ੍ਰਧਾਨ ਪ੍ਰਚੰਡ, ਨੱਢਾ ਦੇ ਸੱਦੇ ’ਤੇ ਭਾਰਤ ਦੇ ਦੌਰੇ ’ਤੇ ਹਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚਰਚਾ ’ਚ ਹਿੱਸਾ ਲਿਆ ਹੈ। ਨੱਢਾ ਨੇ ਕਿਹਾ, ‘ਅਸੀਂ ਭਾਰਤ ਤੇ ਨੇਪਾਲ ਵਿਚਾਲੇ ਵਿਸ਼ੇਸ਼ ਤੌਰ ’ਤੇ ਸਾਡੀ ਸਦੀਆਂ ਪੁਰਾਣੀ ਸੱਭਿਆਚਾਰਕ ਸਾਂਝ ਅਤੇ ਦੋਵਾਂ ਮੁਲਕਾਂ ਦੇ ਲੋਕਾਂ ਦੇ ਪੱਧਰ ’ਤੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਉਸਾਰੂ ਚਰਚਾ ਕੀਤੀ। ਅਸੀਂ ਪਾਰਟੀ ਪੱਧਰ ’ਤੇ ਸਹਿਯੋਗ ਅੱਗੇ ਵਧਾਉਣ ਦੇ ਢੰਗਾਂ ਬਾਰੇ ਵੀ ਚਰਚਾ ਕੀਤੀ।’ ਭਾਜਪਾ ਨੇ ਵਿਦੇਸ਼ਾਂ ’ਚ ਆਪਣੇ ਸੰਪਰਕ ਪ੍ਰੋਗਰਾਮ ਵਜੋਂ ‘ਭਾਜਪਾ ਨੂੰ ਜਾਣੋ’ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਸ ਪ੍ਰੋਗਰਾਮ ਤਹਿਤ ਨੱਢਾ ਵੱਖ ਵੱਖ ਮੁਲਕਾਂ ਤੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ। -ਪੀਟੀਆਈ