ਇਸਲਾਮਾਬਾਦ, 28 ਜੁਲਾਈ
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੀ ਕਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਜਾਣਕਾਰੀ ਅੱਜ ਇੱਥੇ ਉਨ੍ਹਾਂ ਦੇ ਪੁੱਤਰ ਅਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਦਿੱਤੀ। ਬਿਲਾਵਲ ਨੇ ਟਵੀਟ ਕਰਦਿਆਂ ਕਿਹਾ, ‘‘ਉਨ੍ਹਾਂ ਦੇ ਪਿਤਾ ਨੇ ਟੀਕਾਕਰਨ ਕਰਵਾਇਆ ਹੋਇਆ ਸੀ ਅਤੇ ਬੂਸਟਰ ਡੋਜ਼ ਵੀ ਲਈ ਸੀ। ਉਨ੍ਹਾਂ ’ਚ ਕਰੋਨਾ ਦੇ ਹਲਕੇ ਲੱਛਣ ਹਨ, ਜਿਸ ਕਾਰਨ ਉਹ ਇਕਾਂਤਵਾਸ ਵਿੱਚ ਹਨ ਅਤੇ ਇਲਾਜ ਜਾਰੀ ਹੈ।’’ ਜ਼ਰਦਾਰੀ ਇਸੇ ਹਫ਼ਤੇ 26 ਜੁਲਾਈ ਨੂੰ ਦੁਬਈ ਵਿੱਚ ਆਪਣਾ 67ਵਾਂ ਜਨਮਦਿਨ ਮਨਾਉਣ ਗਏ ਸਨ, ਜਿੱਥੇ ਉਨ੍ਹਾਂ ਦਾ ਪੀਸੀਆਰ ਟੈਸਟ ਪਾਜ਼ੇਟਿਵ ਆਇਆ ਸੀ। -ਪੀਟੀਆਈ