ਪੈਰਿਸ, 1 ਮਾਰਚ
ਫਰਾਂਸ ਵਿੱਚ ਪੈਰਿਸ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਉਹ ਇੱਕ ਸਾਲ ਜੇਲ੍ਹ ਵਿੱਚ ਰਹਿਣਗੇ ਅਤੇ ਦੋ ਸਾਲ ਉਨ੍ਹਾਂ ’ਤੇ ਘੁੰਮਣ-ਫਿਰਨ ’ਤੇ ਨਜ਼ਰ ਰੱਖੀ ਜਾਵੇਗੀ। ਫਰਾਂਸ ਵਿੱਚ ਸਾਲ 2007 ਤੋਂ 2012 ਤੱਕ ਰਾਸ਼ਟਰਪਤੀ ਰਹੇ 66 ਸਾਲਾ ਸਰਕੋਜ਼ੀ ਨੂੰ 2014 ਵਿੱਚ ਇੱਕ ਸੀਨੀਅਰ ਮੈਜਿਸਟ੍ਰੇਟ ਤੋਂ ਗ਼ਲਤ ਢੰਗ ਨਾਲ ਸੂਚਨਾ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਕਿਹਾ ਕਿ ਸਰਕੋਜ਼ੀ ਘਰ ਵਿੱਚ ਨਜ਼ਰਬੰਦ ਰਹਿਣ ਦੀ ਅਪੀਲ ਕਰ ਸਕਣਗੇ ਅਤੇ ਉਨ੍ਹਾਂ ਦੇ ਹੱਥ ’ਤੇ ਇਲੈਕਟ੍ਰੌਨਿਕ ਪੱਟੀ ਬੰਨ੍ਹੀ ਜਾਵੇਗੀ। ਸਰਕੋਜ਼ੀ 2012 ਵਿੱਚ ਰਾਸ਼ਟਰਪਤੀ ਚੋਣਾਂ ਦੌਰਾਨ ਗ਼ੈਰ-ਕਾਨੂੰਨੀ ਪੈਸਿਆਂ ਦੀ ਦੁਰਵਰਤੋਂ ਦੇ ਦੋਸ਼ ਵਿੱਚ 13 ਹੋਰ ਲੋਕਾਂ ਨਾਲ ਇਸ ਮਹੀਨੇ ਇੱਕ ਹੋਰ ਮੁਕੱਦਮੇ ਦਾ ਸਾਹਮਣਾ ਕਰਨਗੇ। -ਏਪੀ