ਕੋਪਨਹੈਗਨ, 28 ਮਈ
ਡੈਨਮਾਰਕ ਦੇ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ ਪੌਲ ਸ਼ੈਟਰ ਦਾ ਦੇਹਾਂਤ ਹੋ ਗਿਆ ਹੈ। ਉਹ 92 ਸਾਲਾਂ ਦੇ ਸਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਸੋਰੇਨ ਪੇਪੇ ਪੌਲਸੇਨ ਨੇ ਸ਼ੁੱਕਰਵਾਰ ਨੂੰ ਪਾਰਟੀ ਵੱਲੋਂ ਜਾਰੀ ਇੱਕ ਬਿਆਨ ’ਚ ਦੱਸਿਆ ਕਿ ਪੌਲ ਸ਼ੈਟਰ, ਜੋ ਕਿ 1982 ਤੋਂ 1993 ਤੱਕ ਡੈਨਮਾਰਕ ਦੇ ਪ੍ਰਧਾਨ ਮੰਤਰੀ ਰਹੇ, ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਆਖਰੀ ਸਾਹ ਲਏ। ਉਨ੍ਹਾਂ ਕਿਹਾ ਕਿ ਪਰਿਵਾਰ ਤੋਂ ਇੱਕ ਪਿਆਰਾ ਮੈਂਬਰ ਅਤੇ ਦੇਸ਼ ਕੋਲੋਂ ਇੱਕ ਅਹਿਮ ਵਿਅਕਤੀ ਖੁੱਸ ਗਿਆ। ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸੇਨ ਨੇ ਇੱਕ ਬਿਆਨ ਰਾਹੀਂ ਪੌਲ ਸ਼ੈਟਰ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ, ‘ਉਹ ਇੱਕ ਸਿਆਸਤਦਾਨ ਅਤੇ ਵਧੀਆ ਇਨਸਾਨ ਸਨ, ਜਿਨ੍ਹਾਂ ਨੇ ਡੈਨਮਾਰਕ ਦੇ ਲੋਕਾਂ ’ਤੇ ਆਪਣਾ ਅਹਿਮ ਪ੍ਰਭਾਵ ਛੱਡਿਆ।’ -ਏਜੰਸੀ