ਪਿਸ਼ਾਵਰ, 1 ਮਾਰਚ
ਪਾਕਿਸਤਾਨੀ ਅਧਿਕਾਰੀਆਂ ਨੇ ਖੈਬਰ ਪਖਤੂਨਖਵਾ ਪ੍ਰਾਂਤ ਵਿਚ 100 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਇਕ ਗੁਰਦੁਆਰੇ ਦੇ ਉਚਿਤ ਰੱਖ-ਰਖਾਓ ਤੇ ਬਚਾਓ ਲਈ ਉਸ ਨੂੰ ਇਵੈਕਿਊ ਪ੍ਰਾਪਰਟੀ ਟਰੱਸਟ ਬੋਰਡ (ਈਪੀਟੀਬੀ) ਦੇ ਸਪੁਰਦ ਕਰਨ ਦੇ ਸਬੰਧ ਵਿਚ ਫ਼ੈਸਲੇ ਲਈ ਇਕ ਸੰਯੁਕਤ ਕਮੇਟੀ ਬਣਾਈ ਹੈ।
ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਖੈਬਰ ਪਖਤੂਨਖਵਾ ਪ੍ਰਾਂਤ ਦੀ ਸਰਕਾਰ ਵੱਲੋਂ ਗਠਿਤ ਕਮੇਟੀ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦੇਣ ਅਤੇ ਅਧਿਕਾਰੀਆਂ ਨੂੰ ਸੌਂਪਣ ਤੋਂ ਪਹਿਲਾਂ ਮਨਸੇਹਰਾ ਜ਼ਿਲ੍ਹੇ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਦਾ ਦੌਰਾ ਕਰੇਗੀ। 19ਵੀਂ ਸਦੀ ਦੀ ਸ਼ੁਰੂਆਤ ਵਿਚ ਬਣੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਨੂੰ ਆਰਕੀਟੈਕਚਰ ਦੇ ਬਿਹਤਰੀਨ ਨਮੂਨੇ ਦੇ ਰੂਪ ਵੱਜੋਂ ਜਾਣਿਆ ਜਾਂਦਾ ਹੈ। ਫਿਲਹਾਲ ਇਸ ਵਿਚ ਇਕ ਜਨਤਕ ਲਾਇਬ੍ਰੇਰੀ ਹੈ ਅਤੇ ਇਸ ’ਤੇ 1999 ਤੋਂ ਮਨਸੇਹਰਾ ਦੇ ‘ਟਾਊਨ ਮਿਉਂਸਿਪਲ ਐਡਮਨਿਸਟਰੇਸ਼ਨ’ (ਟੀਐੱਮਏ) ਦਾ ਕਬਜ਼ਾ ਹੈ। ਈਪੀਟੀਬੀ ਦੇ ਅਧਿਕਾਰੀਆਂ ਨੇ ਹੁਣ ਖੈਬਰ ਪਖਤੂਨਖਵਾ ਪ੍ਰਾਂਤ ਦੀ ਸਰਕਾਰ ਕੋਲੋਂ ਗੁਰਦੁਆਰੇ ਨੂੰ ਉਚਿਤ ਰੱਖ-ਰਖਾਓ ਲਈ ਬੋਰਡ ਨੂੰ ਸੌਂਪਣ ਦੀ ਲਿਖਤੀ ਮੰਗ ਕੀਤੀ ਹੈ। ਈਪੀਟੀਬੀ ਇਕ ਵਿਧਾਨਕ ਬੋਰਡ ਹੈ ਜੋ ਉਨ੍ਹਾਂ ਹਿੰਦੂਆਂ ਤੇ ਸਿੱਖਾਂ ਦੀਆਂ ਉਨ੍ਹਾਂ ਧਾਰਮਿਕ ਸੰਪਤੀਆਂ ਅਤੇ ਤੀਰਥ ਸਥਾਨਾਂ ਦਾ ਪ੍ਰਬੰਧਨ ਕਰਦਾ ਹੈ ਜੋ ਵੰਡ ਮਗਰੋਂ ਭਾਰਤ ਚਲੇ ਗਏ ਸਨ। ਅਧਿਕਾਰੀ ਨੇ ਕਿਹਾ ਕਿ ਸਥਾਨਕ ਕੌਂਸਲ ਬੋਰਡ ਦੇ ਉਪ ਸਕੱਤਰ ਜ਼ਹੀਰ ਖਾਨ ਅਤੇ ਮਨਸੇਹਰਾ ਤਹਿਸੀਲ ਦੇ ਪ੍ਰਸ਼ਾਸਕ ਬਸ਼ਾਰਤ ਖਾਨ ਦੀ ਕਮੇਟੀ ਦਾ ਗਠਨ ਈਪੀਟੀਬੀ ਦੀ ਅਪੀਲ ’ਤੇ ਕੀਤਾ ਗਿਆ ਸੀ।
ਪਾਕਿਸਤਾਨ ਆਧਾਰਿਤ ਸਿੱਖ ਇਤਿਹਾਸਕਾਰ ਸ਼ਾਹਿਦ ਸ਼ੱਬੀਰ ਅਨੁਸਾਰ ਵੰਡ ਮਗਰੋਂ ਇਸ ਗੁਰਦੁਆਰੇ ਵਿਚ ਕਦੇ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਰੱਖਿਆ ਗਿਆ। ਹਾਲਾਂਕਿ, ਗੁਰੂ ਗ੍ਰੰਥ ਸਾਹਿਬ ਦੇ ਆਸਨ ਲਈ ਰੱਖੀ ਪਾਲਕੀ ਸਾਹਿਬ ਆਪਣੇ ਅਸਲ ਸਰੂਪ ਵਿਚ ਹੀ ਹੈ। -ਪੀਟੀਆਈ