ਬਰਲਿਨ/ਅੰਕਾਰਾ, 15 ਜੁਲਾਈ
ਜਰਮਨੀ ਅਤੇ ਬੈਲਜੀਅਮ ’ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ 30 ਤੋਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਲਾਪਤਾ ਹਨ। ਹੜ੍ਹ ਕਾਰਨ ਕਈ ਕਾਰਾਂ ਰੁੜ੍ਹ ਗਈਆਂ ਤੇ ਕੁਝ ਇਮਾਰਤਾਂ ਢਹਿ ਗਈਆਂ ਹਨ। ਪੱਛਮੀ ਕਾਊਂਟੀ ਯੂਸਕਿਰਚੇਨ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਹੜ੍ਹਾਂ ਕਾਰਨ ਉੱਥੇ ਅੱਠ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਕੋਬਲੈਂਜ਼ ਸ਼ਹਿਰ ਦੀ ਪੁਲੀਸ ਨੇ ਕਿਹਾ ਕਿ ਅਹਿਰਵਾਈਲਰ ਕਾਊਂਟੀ ’ਚ 18 ਲੋਕਾਂ ਦੀ ਮੌਤ ਹੋ ਗਈ। ਕਰੀਬ 50 ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਫਸ ਗਏ। ਅਧਿਕਾਰੀਆਂ ਮੁਤਾਬਕ ਜਰਮਨੀ ’ਚ 70 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਅਥਾਰਿਟੀਆਂ ਨੇ ਕਈ ਦਿਨਾਂ ਤੱਕ ਭਾਰੀ ਮੀਂਹ ਮਗਰੋਂ ਇਲਾਕੇ ’ਚ ਐਮਰਜੈਂਸੀ ਐਲਾਨ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੱਖ ਵੱਖ ਥਾਵਾਂ ’ਤੇ ਵਾਪਰੀਆਂ ਘਟਨਾਵਾਂ ’ਚ ਚਾਰ ਮੌਤਾਂ ਹੋਈਆਂ ਹਨ। ਦੂਜੇ ਪਾਸੇ ਤੁਰਕੀ ਦੇ ਉੱਤਰ-ਪੂਰਬੀ ਹਿੱਸੇ ’ਚ ਭਾਰੀ ਮੀਂਹ ਮਗਰੋਂ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ ਹਨ। -ਏਜੰਸੀ