ਹਨੋਈ, 19 ਅਕਤੂਬਰ
ਵੀਅਤਨਾਮ ’ਚ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਮੋਹਲੇਧਾਰ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ 90 ਵਿਅਕਤੀ ਮਾਰੇ ਗਏ ਅਤੇ 34 ਹੋਰ ਜ਼ਖ਼ਮੀ ਹੋ ਚੁੱਕੇ ਹਨ। ਆਫ਼ਤ ਪ੍ਰਬੰਧਨ ਦੇ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਮੌਤਾਂ ਕੁਆਂਗ ਟਰਾਈ, ਠੂਆ, ਥੀਨ ਹੁਈ ਅਤੇ ਕੁਆਂਗ ਨੈਮ ਸੂਬਿਆਂ ’ਚ ਹੋਈਆਂ ਹਨ। ਇਨ੍ਹਾਂ ਸੂਬਿਆਂ ’ਚੋਂ 121,280 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਜਾਣਕਾਰੀ ਮੁਤਾਬਕ 6 ਅਕਤੂਬਰ ਤੋਂ 531,800 ਪਸ਼ੂ-ਪੰਛੀ ਮਾਰੇ ਜਾ ਚੁੱਕੇ ਹਨ ਜਾਂ ਰੁੜ੍ਹ ਗਏ ਹਨ।
ਕਈ ਥਾਵਾਂ ’ਤੇ ਕੌਮੀ ਰਾਜਮਾਰਗ ਅਤੇ ਸੜਕਾਂ ਟੁੱਟ ਗਈਆਂ ਹਨ। ਕਈ ਇਲਾਕਿਆਂ ’ਚ ਬੁੱਧਵਾਰ ਤੱਕ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਕੁਝ ਇਲਾਕਿਆਂ ’ਚ 600 ਮਿਲੀਮੀਟਰ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਨਾਲ ਹੜ੍ਹਾਂ ਦਾ ਖ਼ਤਰਾ ਵੱਧ ਸਕਦਾ ਹੈ। -ਆਈਏਐਨਐਸ