ਕੀਵ: ਸੰਯੁਕਤ ਰਾਸ਼ਟਰ ਅਤੇ ਤੁਰਕੀ ਵੱਲੋਂ ਕਰਵਾਏ ਗਏ ਸਮਝੌਤੇ ਤਹਿਤ ਓਡੇਸਾ ਬੰਦਰਗਾਹ ਤੋਂ ਯੂਕਰੇਨ ਦਾ ਅਨਾਜ ਨਾਲ ਲੱਦਿਆ ਪਹਿਲਾ ਜਹਾਜ਼ ਲਬਿਨਾਨ ਲਈ ਰਵਾਨਾ ਹੋ ਗਿਆ ਹੈ। ਖੁਰਾਕੀ ਸੰਕਟ ਨਾਲ ਜੂਝ ਰਹੇ ਮੁਲਕ ਨੂੰ ਯੂਕਰੇਨ ਤੋਂ ਆ ਰਹੇ ਅਨਾਜ ਨਾਲ ਰਾਹਤ ਮਿਲਣ ਦੀ ਆਸ ਬੱਝ ਗਈ ਹੈ। ਸਿਏਰਾ ਲਿਓਨ ਦੇ ਝੰਡੇ ਵਾਲੇ ਜਹਾਜ਼ ਰਾਜ਼ੋਨੀ ’ਚ 26 ਹਜ਼ਾਰ ਟਨ ਮੱਕੀ ਲੱਦੀ ਹੋਈ ਹੈ ਜੋ ਲਬਿਨਾਨ ਪਹੁੰਚਾਈ ਜਾਵੇਗੀ। ਯੂਕਰੇਨੀ ਮੰਤਰੀ ਓਲੈਗਜ਼ੈਂਡਰ ਕੁਬਰਾਕੋਵ ਨੇ ਟਵਿੱਟਰ ’ਤੇ ਜਹਾਜ਼ ਰਵਾਨਾ ਹੋਣ ਦੀ ਵੀਡੀਓ ਵੀ ਪਾਈ ਹੈ। ਉਧਰ ਕਰੈਮਲਿਨ ਤਰਜਮਾਨ ਦਮਿੱਤਰੀ ਪੈਸਕੋਵ ਨੇ ਜਹਾਜ਼ ਰਵਾਨਗੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਸਤਾਂਬੁਲ ’ਚ ਹੋਏ ਸਮਝੌਤੇ ਲਈ ਪ੍ਰੀਖਿਆ ਦੀ ਘੜੀ ਹੈ। -ਏਪੀ