ਵੈਲਿੰਗਟਨ, 4 ਸਤੰਬਰ
ਨਿਊਜ਼ੀਲੈਂਡ ਵਿੱਚ ਕਰੋਨਾ ਦੇ ਨਵੇਂ ਰੂਪ ਡੈਲਟਾ ਵੇਰੀਐਂਟ ਨਾਲ ਪਹਿਲੀ ਮੌਤ ਹੋਈ ਹੈ। ਇਹ ਜਾਣਕਾਰੀ ਅੱਜ ਕੇਂਦਰੀ ਸਿਹਤ ਮੰਤਰਾਲੇ ਨੇ ਸਾਂਝੀ ਕੀਤੀ। ਮ੍ਰਿਤਕ ਦੀ ਪਛਾਣ ਆਕਲੈਂਡ ਦੀ ਰਹਿਣ ਵਾਲੀ 90 ਸਾਲਾ ਔਰਤ ਵਜੋਂ ਹੋਈ ਹੈ ਜੋ ਕਈ ਬਿਮਾਰੀਆਂ ਨਾਲ ਜੂਝ ਰਹੀ ਸੀ। ਆਕਲੈਂਡ ਵਿੱਚ 20 ਨਵੇਂ ਕੇਸ ਵੀ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਵੱਡੀ ਉਮਰ ਵਾਲੇ ਤੇ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਕਰੋਨਾ ਕਾਰਨ ਚੌਕਸ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਕਰੋਨਾ ਦਾ ਨਵਾਂ ਰੂਪ ਖਤਰਨਾਕ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕਰੋਨਾ ਨੂੰ ਰੋਕਣ ਲਈ ਤਾਲਾਬੰਦੀ ਕਾਫੀ ਹੱਦ ਤਕ ਸਹਾਈ ਸਿੱਧ ਹੋਈ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪੀੜਤਾ ਨੂੰ 28 ਅਗਸਤ ਨੂੰ ਹਸਪਤਾਲ ਭਰਤੀ ਕੀਤਾ ਗਿਆ ਸੀ। ਨਿਊਜ਼ੀਲੈਂਡ ਵਿਚ ਹੁਣ ਤਕ ਕਰੋਨਾ ਕਾਰਨ 27 ਮੌਤਾਂ ਹੋ ਚੁੱਕੀਆਂ ਹਨ। -ਆਈਏਐਨਐਸ