ਦੁਬਈ, 11 ਮਈ
ਸਾਊਦੀ ਅਰਬ ਨੇ ਪਾਕਿਸਤਾਨ ਲਈ 12.3 ਕਰੋੜ ਰੁਪਏ ਦੇ 118 ਪ੍ਰਾਜੈਕਟ ਐਲਾਨੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਤੀ ਸੰਕਟ ਵਿਚ ਘਿਰਿਆ ਹੋਇਆ ਹੈ ਤੇ ਇਹ ਮਦਦ ਭੋਜਨ ਸੁਰੱਖਿਆ, ਸਿਹਤ, ਸਿੱਖਿਆ ਤੇ ਜਲ ਸਪਲਾਈ ਖਾਤਰ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਲ ਹੀ ਵਿਚ ਸਾਊਦੀ ਅਰਬ ਦਾ ਦੌਰਾ ਕੀਤਾ ਹੈ। ਸਾਊਦੀ ਅਰਬ ਨੇ ਕਿਹਾ ਹੈ ਕਿ ਇਹ ਮਦਦ ਕੋਵਿਡ-19 ਸੰਕਟ ਦੇ ਮੱਦੇਨਜ਼ਰ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਵਾਈਆਂ ਤੇ ਹੋਰ ਮੈਡੀਕਲ ਮਦਦ ਲਈ 15 ਲੱਖ ਡਾਲਰ ਦੀ ਮਦਦ ਦਿੱਤੀ ਗਈ ਹੈ। ਮੱਧ ਪੂਰਬੀ ਮਾਮਲਿਆਂ ਲਈ ਖਾਨ ਦੇ ਵਿਸ਼ੇਸ਼ ਪ੍ਰਤੀਨਿਧੀ ਸ਼ੇਖ਼ ਤਾਹਿਰ ਮਹਿਮੂਦ ਅਸ਼ਰਫ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰਾ ਸਾਂਝੇ ਮੰਤਵਾਂ ਤੇ ਹਿੱਤਾਂ ਦੀ ਪ੍ਰਾਪਤੀ ਲਈ ਮਹੱਤਵਪੂਰਨ ਹੈ। ਇਹ ਸਿਆਸੀ, ਫ਼ੌਜੀ, ਕੂਟਨੀਤਕ, ਆਰਥਿਕ, ਵਪਾਰਕ ਪੱਖਾਂ ਤੋਂ ਵੀ ਅਹਿਮ ਸਾਬਿਤ ਹੋਵੇਗਾ। ਇਮਰਾਨ ਨੇ ਇਸਲਾਮਿਕ ਤਾਲਮੇਲ ਸੰਗਠਨ ਦੇ ਸਕੱਤਰ ਜਨਰਲ ਡਾ. ਯੂਸੁਫ਼ ਬਿਨ ਅਹਿਮਦ ਅਲ-ਓਥਾਈਮੀਨ ਨਾਲ ਵੀ ਮੁਲਾਕਾਤ ਕੀਤੀ ਤੇ ਇਸਲਾਮਿਕ ਸੰਸਾਰ ਦੀਆਂ ਮੌਜੂਦਾ ਹਾਲਤਾਂ ’ਤੇ ਵਿਚਾਰ-ਚਰਚਾ ਕੀਤੀ। ਖਾਨ ਤੇ ਸਾਊਦੀ ਸ਼ਹਿਜ਼ਾਦੇ ਸਲਮਾਨ ਦਰਮਿਆਨ ਹੋਈ ਮੁਲਾਕਾਤ ਵਿਚ ਆਰਥਿਕ ਤੇ ਵਪਾਰਕ ਰਿਸ਼ਤਿਆਂ ਨੂੰ ਹੁਲਾਰਾ ਦੇਣ ਤੇ ਕੱਟੜਵਾਦ ਦੀਆਂ ਚੁਣੌਤੀਆਂ ਨਾਲ ਨਜਿੱਠਣ ਉਤੇ ਚਰਚਾ ਕੀਤੀ ਗਈ। -ਪੀਟੀਆਈ