ਬਿਊਨਿਸ ਆਇਰਸ, 27 ਨਵੰਬਰ
ਆਪਣੇ ਮਹਬਿੂਬ ਫੁਟਬਾਲ ਸੁਪਰਸਟਾਰ ਡੀਏਗੋ ਮੈਰਾਡੋਨਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਇੱਥੇ ਸੜਕਾਂ ’ਤੇ ਦਹਿ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋ ਗਏ। ਨਮ ਅੱਖਾਂ ਅਤੇ ਹੱਥਾਂ ਵਿੱਚ ਅਰਜਨਟੀਨਾ ਦਾ ਝੰਡਾ ਫੜ ਕੇ ਉਹ ਫੁਟਬਾਲ ਦੇ ਗੀਤ ਗਾ ਰਹੇ ਸਨ। ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਲਾਠੀਚਾਰਜ ਵੀ ਕਰਨਾ ਪਿਆ। ਮੈਰਾਡੋਨਾ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਸ਼ਾਮ ਛੇ ਵਜੇ ਬੰਦ ਕਰ ਦਿੱਤੇ ਗਏ ਸਨ। ਇਸ ਤਰ੍ਹਾਂ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਸੁਕ ਦਰਸ਼ਕ ਭੜਕ ਗਏ ਅਤੇ ਕਬਰਿਸਤਾਨ ਦੇ ਗੇਟਾਂ ’ਤੇ ਤਣਾਅ ਵਾਲੀ ਸਥਿਤੀ ਬਣ ਗਈ। ਜਾਰਡਨ ਬੈੱਲਾ ਵਿਸਟਾ ਕਬਰਿਸਤਾਨ ਵਿੱਚ ਸਸਕਾਰ ਲਈ ਲਗਪਗ ਦੋ ਦਰਜਨ ਲੋਕ ਮੌਜੂਦ ਸਨ। ਮੈਰਾਡੋਨਾ ਨੂੰ ਉਸ ਦੇ ਮਾਤਾ-ਪਿਤਾ ਡਾਲਮਾ ਅਤੇ ਡੀਏਗੋ ਦੇ ਨੇੜੇ ਦਫ਼ਨਾਇਆ ਗਿਆ। ਉਸ ਦੀ ਅੰਤਿਮ ਯਾਤਰਾ ਵਿੱਚ ਪ੍ਰਸ਼ੰਸਕ ਫੁਟਬਾਲ ਦੇ ਗੀਤ ਗਾ ਰਹੇ ਸਨ, ਜਦਕਿ ਕੁੱਝ ਨੇ ਕੌਮੀ ਝੰਡਾ ਲਪੇਟਿਆ ਹੋਇਆ ਸੀ। ਉਨ੍ਹਾਂ ਨੇ ਪਲਾਜ਼ਾ ਡੇਅ ਮਾਯੋ ਤੋਂ 20 ਬਲਾਕ ਦੀ ਦੂਰੀ ’ਤੇ ਲੰਮੀ ਲਾਈਨ ਬਣਾਈ ਹੋਈ ਸੀ। ਇਹ ਉਹੀ ਥਾਂ ਹੈ, ਜਿੱਥੇ ਮੈਰਾਡੋਨਾ ਦੀ ਅਗਵਾਈ ਹੇਠ 1986 ਵਿੱਚ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਇਆ ਗਿਆ ਸੀ। ਉਨ੍ਹਾਂ ਦੇ ਮਨੁੱਖੀ ਅਧਿਕਾਰ ਸੰਗਠਨ ‘ਮਦਰ ਆਫ ਦਿ ਪਲਾਜ਼ਾ ਡੇਅ ਮਾਯੋ’ ਦੇ ਦੋ ਰੁਮਾਲ ਵੀ ਮੈਰਾਡੋਨਾ ਦੀ ਮ੍ਰਿਤਕ ਦੇਹ ਕੋਲ ਰੱਖੇ ਗਏ। ਮੈਰਾਡੋਨਾ 1976 ਤੋਂ 1983 ਦੌਰਾਨ ਅਰਜਨਟੀਨਾ ਵਿੱਚ ਫ਼ੌਜੀ ਤਾਨਾਸ਼ਾਹੀ ਦੌਰਾਨ ਬੱਚਿਆਂ ਦੇ ਲਾਪਤਾ ਹੋਣ ਦੇ ਵਿਰੋਧ ਵਿੱਚ ਵਰ੍ਹਿਆਂ ਤੱਕ ਇਹ ਰੁਮਾਲ ਬੰਨ੍ਹ ਕੇ ਖੇਡਿਆ ਸੀ। -ਏਪੀ