ਪਿਸ਼ਾਵਰ, 15 ਮਈ
ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮੀਰਾਂ ਸ਼ਾਹ ਕਸਬੇ ’ਚ ਫਿਦਾਈਨ ਹਮਲੇ ਦੌਰਾਨ ਤਿੰਨ ਬੱਚੇ ਅਤੇ ਤਿੰਨ ਫ਼ੌਜੀ ਹਲਾਕ ਹੋ ਗਏ। ਬੱਚਿਆਂ ਦੀ ਉਮਰ 4 ਤੋਂ 11 ਸਾਲ ਦੇ ਵਿਚਕਾਰ ਹੈ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਨੇ ਬਿਆਨ ’ਚ ਕਿਹਾ ਕਿ ਖ਼ੁਫ਼ੀਆ ਏਜੰਸੀਆਂ ਫਿਦਾਈਨ ਬੰਬਾਰ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਹਮਲੇ ਦੀ ਨਿਖੇਧੀ ਕਰਦਿਆਂ ਛੇ ਜਣਿਆਂ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ ਹੈ। ਟਵਿੱਟਰ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਕਸੂਰ ਬੱਚਿਆਂ ਦੇ ਹੱਤਿਆਰੇ ਇਸਲਾਮ ਅਤੇ ਮਨੁੱਖਤਾ ਦੇ ਦੁਸ਼ਮਣ ਹਨ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ। -ਪੀਟੀਆਈ