ਵਿਲਮਿੰਗਟਨ (ਅਮਰੀਕਾ), 14 ਮਾਰਚ
ਮੈਕਸਿਕੋ ਨਾਲ ਲੱਗਦੀ ਸਰਹੱਦ ਗੈਰਕਾਨੂੰਨੀ ਢੰਗ ਨਾਲ ਟੱਪ ਕੇ ਇਕੱਲੇ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਵੱਡੀ ਗਿਣਤੀ ਪਰਵਾਸੀ ਬੱਚਿਆਂ ਦੇ ਪ੍ਰਬੰਧਨ ਅਤੇ ਉਨ੍ਹਾਂ ਦੀ ਦੇਖ-ਰੇਖ ਕਰਨ ਲਈ ਅਮਰੀਕਾ ਦਾ ਬਾਇਡਨ ਪ੍ਰਸ਼ਾਸਨ ਹੁਣ ਸੰਘੀ ਐਮਰਜੈਂਸੀ ਪ੍ਰਬੰਧਨ ਏਜੰਸੀ (ਫੇਮਾ) ਦੀ ਮਦਦ ਲਵੇਗਾ। ਅੰਦਰੂਨੀ ਸੁਰੱਖਿਆ ਮੰਤਰੀ ਅਲੈਜਾਂਡਰੋ ਮਾਯੋਰਕਾਸ ਨੇ ਲੰਘੇ ਦਿਨ ਕਿਹਾ ਕਿ ਬਿਨਾ ਮਾਪਿਆਂ ਤੇ ਬਿਨਾ ਕਿਸੇ ਬਾਲਗ ਤੋਂ ਇਕੱਲੇ ਅਮਰੀਕਾ ਦੀ ਦੱਖਣ-ਪੱਛਮੀ ਸਰਹੱਦ ’ਤੇ ਪਹੁੰਚੇ ਨਾਬਾਲਗ ਬੱਚਿਆਂ ਨੂੰ ਸੁਰੱਖਿਅਤ ਰੱਖਣ, ਉਨ੍ਹਾਂ ਨੂੰ ਆਸਰਾ ਦੇਣ ਅਤੇ ਉਨ੍ਹਾਂ ਨੂੰ ਸਿਹਤ ਤੇ ਮਨੁੱਖ ਸੇਵਾਵਾਂ ਵਿਭਾਗ ਨੂੰ ਟਰਾਂਸਫਰ ਕਰਨ ਦੇ ਉਪਰਾਲਿਆਂ ਵਿਚ ਫੇਮਾ ਸਰਕਾਰ ਦੀ ਮਦਦ ਕਰੇਗੀ। ਸਰਕਾਰੀ ਅੰਕੜਿਆਂ ਅਨੁਸਾਰ ਇਹ ਸੰਕਟ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਹਰ ਰੋਜ਼ ਮੈਕਸਿਕੋ ਵੱਲੋਂ ਸੈਂਕੜੇ ਬੱਚੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੁੰਦੇ ਹਨ ਅਤੇ ਹਿਰਾਸਤ ਵਿੱਚ ਲਏ ਜਾਂਦੇ ਹਨ। ਅੰਦਰੂਨੀ ਸੁਰੱਖਿਆ ਵਿਭਾਗ ਵੱਲੋਂ ਅਜਿਹੇ ਇਕੱਲੇ ਨਾਬਾਲਗ ਬੱਚਿਆਂ ਨੂੰ ਸਿਹਤ ਤੇ ਮਨੁੱਖੀ ਸੇਵਾਵਾਂ ਵਿਭਾਗ ਨੂੰ ਭੇਜਣ ਦੀ ਪ੍ਰਕਿਰਿਆ ਤਿੰਨ ਦਿਨ ਦੇ ਅੰਦਰ ਆਰੰਭੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਪਹਿਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਉਨ੍ਹਾਂ ਦੇ ਮਾਪਿਆਂ ਨਾਲ ਰੱਖਿਆ ਜਾ ਸਕੇ ਜਾਂ ਪਰਵਾਸ ਸਬੰਧੀ ਮਾਮਲੇ ਹੱਲ ਨਾ ਹੋਣ ਤੱਕ ਕਿਸੇ ਢੁੱਕਵੇਂ ਸਪਾਂਸਰ ਕੋਲ ਰੱਖਿਆ ਜਾ ਸਕੇ। -ਏਪੀ