ਲੰਡਨ: ਕਾਰ ਹਾਦਸੇ ਵਿੱਚ ਜਾਨ ਗੁਆਉਣ ਵਾਲੀ ਤਿੰਨ ਸਾਲਾ ਬਰਤਾਨਵੀ ਸਿੱਖ ਬੱਚੀ ਦੇ ਪਰਿਵਾਰ ਨੇ ਬਰਮਿੰਘਮ ਦੇ ਬੱਚਿਆਂ ਦੇ ਇਕ ਹਸਪਤਾਲ ਲਈ 2700 ਤੋਂ ਵੱਧ ਪੌਂਡ ਇਕੱਤਰ ਕੀਤੇ ਹਨ। ਹਸਪਤਾਲ ਨੇ ਬ੍ਰਿਯਾ ਕੌਰ ਗਿੱਲ ਨਾਂ ਦੀ ਇਸ ਬੱਚੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਬੱਚੀ ਲੰਘੇ ਸ਼ੁੱਕਰਵਾਰ ਨੂੰ ਵਾਰਵਿਕਸ਼ਾਇਰ ਦੇ ਲਿਮਿੰਗਟਨ ਸਪਾ ਕਸਬੇ ਵਿੱਚ ਇਕ ਕਾਰ ਵੱਲੋਂ ਮਾਰੀ ਟੱਕਰ ਕਰਕੇ ਜ਼ਖ਼ਮੀ ਹੋ ਗਈ ਸੀ। ਬੱਚੀ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਤੇ ਉਸ ਨੂੰ ਫੌਰੀ ਬਰਮਿੰਘਮ ਸਿਟੀ ਬੱਚਿਆਂ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਸ਼ਨਿੱਚਰਵਾਰ ਨੂੰ ਉਹਦੀ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ 32 ਸਾਲਾ ਮਹਿਲਾ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਹਾਲਾਂਕਿ ਮਗਰੋਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਪਰਿਵਾਰ ਨੇ ਆਪਣੀ ਬੱਚੀ ਦੀ ਯਾਦ ਵਿੱਚ ਆਨਲਾਈਨ ਫੰਡ ਰੇਜ਼ਰ ਕੰਪੇਨ ‘ਜਸਟ ਗਿਵਿੰਗ’ ਚਲਾਈ, ਜਿਸ ਤਹਿਤ 2700 ਪੌਂਡ ਤੋਂ ਵੱਧ ਰਾਸ਼ੀ ਇਕੱਤਰ ਹੋਈ, ਜੋ ਉਨ੍ਹਾਂ ਹਸਪਤਾਲ ਨੂੰ ਦੇ ਦਿੱਤੀ। -ਪੀਟੀਆਈ