ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 1 ਸਤੰਬਰ
ਫੇਸਬੁੱਕ ਨੇ ਆਸਟਰੇਲੀਆ ਵਿੱਚ ਆਪਣੇ ਪਲੈਟਫਾਰਮ ਤੋਂ ਖ਼ਬਰਾਂ ਸਾਂਝੀਆਂ ਕਰਨ ’ਤੇ ਰੋਕ ਲਗਾਉਣ ਦੀ ਧਮਕੀ ਦਿੱਤੀ ਹੈ। ਮੁਲਕ ਦੇ ਮੀਡੀਆ ਅਦਾਰੇ ਗੂਗਲ ਅਤੇ ਫੇਸਬੁੱਕ ਤੋਂ ਇਨ੍ਹਾਂ ਮੰਚਾਂ ’ਤੇ ਖ਼ਬਰਾਂ ਸਾਂਝੀਆਂ ਕਰਨ ਦਾ ਮੁੱਲ ਮੰਗ ਰਹੇ ਹਨ। ਅਦਾਇਗੀ ਦੇ ਇਸ ਅਮਲ ਨੂੰ ਲਾਗੂ ਕਰਨ ਲਈ ਸਖ਼ਤ ਕਾਨੂੰਨ ਲਿਆਉਣ ਲਈ ਸਰਕਾਰੀ ਸਮਰਥਨ ਵੀ ਤਿਆਰ ਕੀਤਾ ਜਾ ਚੁੱਕਾ ਹੈ। ਗੂਗਲ ਸਮੇਤ ਫੇਸਬੁੱਕ ਨੇ ਵਰਤੋਂਕਾਰਾਂ ਵੱਲੋਂ ਖ਼ਬਰਾਂ ਸਾਂਝੀਆਂ ਕਰਨ ਲਈ ਮੁੱਲ ਦੇਣ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।
ਆਸਟਰੇਲੀਆ ਵਿੱਚ ਫੇਸਬੁੱਕ ਦਾ ਕੰਮਕਾਜ ਵੇਖਦੇ ਅਧਿਕਾਰੀ ਨੇ ਕਿਹਾ ਕਿ ਫੇਸਬੁੱਕ ਜ਼ਰੀਏ ਸਾਂਝੇ ਕੀਤੇ ਜਾਂਦੇ ਲਿੰਕਾਂ ਜ਼ਰੀਏ ਲੋਕ ਮੀਡੀਆ ਅਦਾਰਿਆਂ ਦੀਆਂ ਵੈੱਬਸਾਈਟਾਂ ’ਤੇ ਜਾਂਦੇ ਹਨ, ਜਿਸ ਕਰ ਕੇ ਸਾਲ ਦੀ ਪਹਿਲੀ ਛਿਮਾਹੀ ਵਿੱਚ 200 ਮਿਲੀਅਨ ਡਾਲਰ ਦਾ ਵਪਾਰ ਮੀਡੀਆ ਅਦਾਰੇ ਖੱਟ ਚੁੱਕੇ ਹਨ ਅਤੇ ਜੇਕਰ ਹੁਣ ਖ਼ਬਰਾਂ ਸਾਂਝੀਆਂ ਕਰਨ ਦੀ ਕੀਮਤ ਫੇਸਬੁੱਕ ਤੋਂ ਵਸੂਲੀ ਜਾਂਦੀ ਹੈ ਤਾਂ ਉਹ ਖ਼ਬਰਾਂ ਸਾਂਝੀਆਂ ਕਰਨ ਉੱਤੇ ਹੀ ਰੋਕ ਲਗਾ ਦੇਣਗੇ। ਉਧਰ ਗੂਗਲ ਨੇ ਵੀ ਆਪਣੇ ਵਰਤੋਂਕਾਰਾਂ ਨੂੰ ਸੰਭਾਵੀ ਸਖ਼ਤ ਕਾਨੂੰਨ ਵਿਰੁੱਧ ਸਿਆਸੀ ਲਾਮਬੰਦੀ ਦੀ ਅਪੀਲ ਕੀਤੀ ਹੈ। ਆਸਟਰੇਲੀਆ ਵਿੱਚ ਇਸ ਵੇਲੇ ਇੱਕ ਤਿਹਾਈ ਲੋਕ ਮੁਫ਼ਤ ਆਨਲਾਈਨ ਖ਼ਬਰਾਂ ਪੜ੍ਹਦੇ ਹਨ। ਆਸਟਰੇਲੀਆ ਦੇ ਵਧੇਰੇ ਨਿੱਜੀ ਅਦਾਰੇ ਆਪਣੀਆਂ ਵੈੱਬਸਾਈਟਾਂ ’ਤੇ ਖ਼ਬਰਾਂ ਪੜ੍ਹਨ ਲਈ ਪਹਿਲਾਂ ਹੀ ਮਹੀਨਾਵਾਰ ਮਹਿੰਗੀ ਕੀਮਤ ਵਸੂਲ ਰਹੇ ਹਨ।